ਮਜੀਠਾ/ਅੰਮ੍ਰਿਤਸਰ : ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕਾ ਮਜੀਠਾ ਅਧੀਨ ਆਉਂਦੇ ਕੁਝ ਪਿੰਡਾਂ ਵਿਚ ਬੀਤੀ ਰਾਤ ਜ਼ਹਿਰੀਲੀ ਸ਼ਰਾਬ ਪੀਣ ਕਰਕੇ 15 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਛੇ ਵਿਅਕਤੀ ਇਸ ਵੇਲੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਗਈ ਹੈ। ਪੁਲੀਸ ਨੇ ਨਕਲੀ ਸ਼ਰਾਬ ਵੇਚਣ ਵਾਲਿਆਂ ਖਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।ਇਸ ਦੌਰਾਨ ਪੁਲੀਸ ਨੇ ਕਾਰਵਾਈ ਕਰਦਿਆਂ ਆਬਕਾਰੀ ਐਕਟ ਅਧੀਨ ਕੇਸ ਦਰਜ ਕਰਕੇ ਮੁੱਖ ਦੋਸ਼ੀ ਪ੍ਰਭਜੀਤ ਸਿੰਘ ਅਤੇ ਉਸ ਦੇ ਸਾਥੀ ਕੁਲਬੀਰ ਸਿੰਘ ਉਰਫ ਜੱਗੂ (ਮੁੱਖ ਦੋਸ਼ੀ ਪ੍ਰਭਜੀਤ ਦਾ ਭਰਾ), ਸਾਹਿਬ ਸਿੰਘ ਉਰਫ ਸਰਾਏ, ਗੁਰਜੰਟ ਸਿੰਘ, ਨਿੰਦਰ ਕੌਰ ਪਤਨੀ ਜੀਤਾ ਵਾਸੀ ਥਰੀਏਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਇਸ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਜਾਣਕਾਰੀ ਅਨੁਸਾਰ ਬੀਤੀ ਰਾਤ ਪਿੰਡ ਭੰਗਾਲੀ, ਥਰੀਏਵਾਲ, ਮਰੜੀ ਕਲਾਂ, ਤਲਵੰਡੀ ਖੁੰਮਣ, ਪਤਾਲਪੁਰੀ ਆਦਿ ਪਿੰਡਾਂ ਦੇ ਲੋਕਾਂ ਨੇ ਨਜਾਇਜ਼ ਸ਼ਰਾਬ ਵੇਚਣ ਦੇ ਧੰਦੇ ਵਿਚ ਸ਼ਾਮਲ ਕੁਝ ਵਿਅਕਤੀਆਂ ਵਲੋਂ ਸਪਲਾਈ ਕੀਤੀ ਗਈ ਸ਼ਰਾਬ ਪੀਤੀ ਅਤੇ ਕੁਝ ਦੇਰ ਬਾਅਦ ਹੀ ਉਨ੍ਹਾਂ ਦੀ ਤਬੀਅਤ ਵਿਗੜ ਗਈ। ਇਨ੍ਹਾਂ ਵਿਚੋਂ ਕੁਝ ਦੀ ਮਗਰੋਂ ਮੌਤ ਹੋ ਗਈ ਜਦੋਂਕਿ ਬਾਕੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਚੇਤੇ ਰਹੇ ਕਿ ਕੁਝ ਸਾਲ ਪਹਿਲਾਂ ਕਾਂਗਰਸ ਸਰਕਾਰ ਸਮੇਂ ਵੀ ਇਸ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 19 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਉਸ ਵਕਤ ਇਹ ਮੁੱਦਾ ਬਹੁਤ ਗਰਮਾਇਆ ਸੀ। ਇਹ ਜ਼ਹਿਰੀਲੀ ਸ਼ਰਾਬ ਪਹਿਲਾਂ ਵੀ ਦਰਜਨਾਂ ਘਰਾਂ ਦੇ ਚਿਰਾਗ ਬੁਝਾ ਚੁੱਕੀ ਹੈ।
ਘਟਨਾ ਦੀ ਜਾਣਕਾਰੀ ਮਿਲਦਿਆਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਅਤੇ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ, ਸਿਵਲ ਸਰਜਨ ਕਿਰਨਦੀਪ ਕੌਰ ਸਮੇਤ ਹੋਰ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਵਲੋਂ ਸਾਰੇ ਹਾਲਾਤ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਕੱਲ੍ਹ ਸ਼ਾਮ ਇਸ ਬਾਰੇ ਜਾਣਕਾਰੀ ਮਿਲੀ ਸੀ ਅਤੇ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪਿੰਡਾਂ ’ਚ ਭੇਜਿਆ ਸੀ। ਇਨ੍ਹਾਂ ਟੀਮਾਂ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਤੇ ਉਨ੍ਹਾਂ ਨੂੰ ਹਸਪਤਾਲਾਂ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦੀ ਹਾਲਤ ਬਿਹਤਰ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਜ਼ਹਿਰੀਲੀ ਸ਼ਰਾਬ ਦੀ ਸਪਲਾਈ ਕਰਨ ਵਾਲੇ ਮੁੱਖ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਹੋਰਨਾਂ ਲੋਕਾਂ ਨੂੰ ਕਾਬੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੇ ਇਹ ਜ਼ਹਿਰੀਲੀ ਸ਼ਰਾਬ ਪੀਤੀ ਹੈ ਤਾਂ ਉਹ ਆਪਣਾ ਇਲਾਜ ਕਰਵਾਉਣ ਵਾਸਤੇ ਅੱਗੇ ਆਏ।
ਮ੍ਰਿਤਕ ਦੇਹਾਂ ਪੋਸਟਮਾਰਟ ਲਈ ਅੰਮ੍ਰਿਤਸਰ ਭੇਜੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।
ਉਧਰ ਪੁਲੀਸ ਨੇ ਕਾਰਵਾਈ ਕਰਦਿਆਂ ਆਬਕਾਰੀ ਐਕਟ ਅਧੀਨ ਕੇਸ ਦਰਜ ਕਰਕੇ ਮੁੱਖ ਦੋਸ਼ੀ ਪ੍ਰਭਜੀਤ ਸਿੰਘ ਅਤੇ ਉਸ ਦੇ ਸਾਥੀ ਕੁਲਬੀਰ ਸਿੰਘ ਉਰਫ ਜੱਗੂ (ਮੁੱਖ ਦੋਸ਼ੀ ਪ੍ਰਭਜੀਤ ਦਾ ਭਰਾ), ਸਾਹਿਬ ਸਿੰਘ ਉਰਫ ਸਰਾਏ, ਗੁਰਜੰਟ ਸਿੰਘ, ਨਿੰਦਰ ਕੌਰ ਪਤਨੀ ਜੀਤਾ ਵਾਸੀ ਥਰੀਏਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲੀਸ ਨੇ ਇਲਾਕੇ ਵਿਚ ਜ਼ਹਿਰੀਲੀ ਸ਼ਰਾਬ ਸਪਲਾਈ ਕਰਨ ਵਾਲੇ ਪ੍ਰਭਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਗੋਰਖਧੰਦੇ ਵਿਚ ਸ਼ਾਮਲ ਮੁੱਖ ਸਰਗਨੇ ਸਾਹਿਬ ਸਿੰਘ ਨੂੰ ਰਾਜਾਸਾਂਸੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਰਗਨੇ ਤੋਂ ਸ਼ਰਾਬ ਖਰੀਦਣ ਤੇ ਅੱਗੇ ਪਿੰਡਾਂ ਵਿਚ ਸਪਲਾਈ ਕਰਨ ਵਾਲੇ 4 ਹੋਰ ਮੁਲਜ਼ਮਾਂ ਨੂੰ ਵੀ ਪੁਲੀਸ ਨੇ ਕਾਬੂ ਕੀਤਾ ਹੈ ਪਿਛਲੇ ਸੱਤ ਘੰਟਿਆਂ ਵਿਚ ਕੁੱਲ ਮਿਲਾ ਕੇ 6 ਜਣਿਆਂ ਨੂੰ ਕਾਬੂ ਕੀਤਾ ਹੈ। ਸ਼ਰਾਬ ਸਪਲਾਈ ਕਰਨ ਵਾਲੀਆਂ ਫਰਮਾਂ ਨੂੰ ਫੜਨ ਲਈ ਟੀਮਾਂ ਨੂੰ ਤੁਰੰਤ ਬਾਹਰੀ ਰਾਜ ਵਿੱਚ ਭੇਜਿਆ ਗਿਆ ਹੈ।