ਜਲੰਧਰ : ਆਦਮਪੁਰ ਦੇ ਪਿੰਡ ਚੂਹੜਵਾਲੀ ਸਥਿਤ ਮਾਰਕਫੈੱਡ ਕੈਨਰੀਜ਼ ਦੇ ਜੈਨਰੇਟਰ ਰੂਮ ’ਚੋਂ ਮਿਜ਼ਾਈਲ ਮਿਲੀ ਹੈ। ਇਸ ਦੀ ਸੂਚਨਾ ਮਿਲਣ ’ਤੇ ਪੁਲੀਸ ਤੇ ਏਅਰ ਫੋਰਸ ਆਦਮਪੁਰ ਦੇ ਜਵਾਨਾਂ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਮਿਜ਼ਾਈਲ ਨੂੰ ਆਪਣੇ ਕਬਜ਼ੇ ’ਚ ਲੈ ਕੇ ਨਕਾਰਾ ਕਰ ਦਿੱਤਾ। ਮਾਰਕਫੈੱਡ ਕੈਨਰੀਜ਼ ਚੂਹੜਵਾਲੀ ਦੇ ਮੈਨੇਜਰ ਜਗਦੀਪ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਦੇ ਮੁਲਾਜ਼ਮ ਪਵਨ ਕੁਮਾਰ ਤੇ ਚਰਨਜੀਤ ਨੇ ਸੂਚਨਾ ਦਿੱਤੀ ਕਿ ਜੈਨਰੇਟਰ ਰੂਮ ’ਚ ਮਿਜ਼ਾਈਲ ਪਈ ਹੈ ਤਾਂ ਉਨ੍ਹਾਂ ਨੇ ਮੌਕੇ ’ਤੇ ਜਾ ਕੇ ਤੁਰੰਤ ਇਸ ਦੀ ਜਾਣਕਾਰੀ ਆਦਮਪੁਰ ਪੁਲੀਸ ਨੂੰ ਦਿੱਤੀ। ਇਸ ਮਗਰੋਂ ਡੀਐੱਸਪੀ ਕੁਲਵੰਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਇਸ ਦੀ ਸੂਚਨਾ ਹਵਾਈ ਸੈਨਾ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਮਿਜ਼ਾਈਲ ਦੇ ਟੁਕੜੇ ਹੋ ਗਏ ਸਨ ਪਰ ਉਹ ਐਕਟਿਵ ਸੀ। ਏਅਰ ਫੋਰਸ ਦੇ ਜਵਾਨਾਂ ਨੇ ਮਿਜ਼ਾਈਲ ਨੂੰ ਆਪਣੇ ਕਬਜ਼ੇ ’ਚ ਲੈ ਕੇ ਨਕਾਰਾ ਕਰ ਦਿੱਤਾ। ਡੀਐੱਸਪੀ ਕੁਲਵੰਤ ਸਿੰਘ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਆਪਣੇ ਆਸ-ਪਾਸ ਕਿਸੇ ਵੀ ਜਗ੍ਹਾ ’ਤੇ ਅਜਿਹੀ ਬੰਬਨੁਮਾ ਚੀਜ਼ ਮਿਲੇ ਤਾਂ ਉਹ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ ਦੇਣ ਤਾਂ ਜੋ ਸਮੇ ਰਹਿੰਦੇ ਕਿਸੇ ਵੀ ਤਰ੍ਹਾਂ ਦੀ ਘਟਨਾ ਹੋਣ ਤੋਂ ਬਚਾਅ ਕੀਤਾ ਜਾ ਸਕੇ।
Posted inNews