ਵੈਨਕੂਵਰ ਵਿਚ ਕੌਮਾਂਤਰੀ ਉਡਾਣ ’ਚ ਬੰਬ ਦੀ ਧਮਕੀ ਅਫ਼ਵਾਹ ਨਿਕਲੀ

ਵੈਨਕੂਵਰ ਵਿਚ ਕੌਮਾਂਤਰੀ ਉਡਾਣ ’ਚ ਬੰਬ ਦੀ ਧਮਕੀ ਅਫ਼ਵਾਹ ਨਿਕਲੀ
ਵੈਨਕੂਵਰ : ਵੈਨਕੂਵਰ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਐਤਵਾਰ ਦੁਪਹਿਰੇ ਹਲਚਲ ਮੱਚ ਗਈ, ਜਦੋਂ ਹਵਾਈ ਅੱਡੇ ਦੇ ਅਮਲੇ ਅਤੇ ਕੁਝ ਚੋਣਵੇਂ ਮੀਡੀਆ ਅਦਾਰਿਆਂ ਨੂੰ ਅਣਜਾਣ ਈਮੇਲ ਰਾਹੀਂ ਕੌਮਾਂਤਰੀ ਉਡਾਣ ਲਈ ਤਿਆਰ ਜਹਾਜ਼ ਵਿੱਚ ਬੰਬ ਰੱਖੇ ਹੋਣ ਦੀ ਧਮਕੀ ਮਿਲੀ। ਸੂਚਨਾ ਮਿਲਦੇ ਹੀ ਰਿਚਮੰਡ ਪੁਲੀਸ ਤੁਰੰਤ ਹਰਕਤ ਵਿੱਚ ਆਈ ਤੇ ਜਹਾਜ਼ ਨੂੰ ਉਡਾਣ ਭਰਨ ਤੋਂ ਰੋਕ ਲਿਆ। ਨਿਰਧਾਰਿਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜਹਾਜ਼ ਨੂੰ ਖਾਲੀ ਥਾਂ ਲਿਜਾ ਕੇ ਸਵਾਰੀਆਂ ਨੂੰ ਉਤਾਰਨ ਮਗਰੋਂ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।
ਰਿਚਮੰਡ ਰੌਇਲ ਕੈਨੇਡਿਆਈ ਮਾਊਂਟਿਡ ਪੁਲੀਸ ਦੇ ਕਾਰਪੋਰਲ ਬਰੈਟ ਉਰਾਨੋ ਨੇ ਉੱਕਤ ਜਾਣਕਾਰੀ ਦਿੰਦੇ ਦੱਸਿਆ ਕਿ ਜਾਂਚ ਮਗਰੋਂ ਬੰਬ ਦੀ ਧਮਕੀ ਝੂਠੀ ਨਿਕਲੀ। ਢਾਈ ਘੰਟੇ ਦੀ ਦੇਰੀ ਨਾਲ ਜਹਾਜ਼ ਨੂੰ ਉਡਾਣ ਭਰਨ ਦੀ ਆਗਿਆ ਦੇ ਦਿੱਤੀ ਗਈ। ਉਰਾਨੋ ਨੇ ਇਹ ਦੱਸਣ ਤੋਂ ਟਾਲਾ ਵੱਟਿਆ ਕਿ ਉਡਾਣ ਕਿਹੜੇ ਦੇਸ਼ ਵੱਲ ਜਾਣੀ ਸੀ। ਉਸ ਨੇ ਦੱਸਿਆ ਕਿ ਯਾਤਰੀਆਂ ਅਤੇ ਅਮਲਾ ਮੈਂਬਰਾਂ ਦੀ ਸੁਰੱਖਿਆ ਨੂੰ ਪਹਿਲ ਦੇ ਅਧਾਰ ਤੇ ਲੈਂਦਿਆਂ ਇੰਜ ਦੀ ਸੂਚਨਾ ਨੂੰ ਗੰਭੀਰਤਾ ਨਾਲ ਲਿਆ ਗਿਆ। ਇਸ ਦੌਰਾਨ ਹਵਾਈ ਅੱਡੇ ਦੇ ਅਮਲੇ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ। ਹਾਲਾਂਕਿ ਇਸ ਘਟਨਾ ਕਰਕੇ ਹਵਾਈ ਅੱਡੇ ਦੇ ਸੰਚਾਲਣ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ ਗਿਆ। ਪੁਲੀਸ ਬੁਲਾਰੇ ਨੇ ਦੱਸਿਆ ਕਿ ਅਣਜਾਣ ਈਮੇਲ ਭੇਜਣ ਵਾਲੇ ਦਾ ਪਤਾ ਲਾਇਆ ਜਾ ਰਿਹਾ ਹੈ।
Share: