ਰਾਵਲਪਿੰਡੀ ’ਚ ਦਿਖੀ ਭਾਰਤੀ ਫੌਜ ਦੀ ਤਾਕਤ: ਰਾਜਨਾਥ

ਰਾਵਲਪਿੰਡੀ ’ਚ ਦਿਖੀ ਭਾਰਤੀ ਫੌਜ ਦੀ ਤਾਕਤ: ਰਾਜਨਾਥ

ਲਖਨਊ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ‘ਅਪਰੇਸ਼ਨ ਸਿੰਧੂਰ’ ਤਹਿਤ ਭਾਰਤੀ ਫੌਜ ਨੇ ਨਾ ਸਿਰਫ਼ ਸਰਹੱਦ ਨੇੜੇ ਪਾਕਿਸਤਾਨ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸਗੋਂ ਉਨ੍ਹਾਂ ਦੀ ਤਾਕਤ ਰਾਵਲਪਿੰਡੀ ਤੱਕ ਮਹਿਸੂਸ ਕੀਤੀ ਗਈ ਹੈ ਜਿਥੇ ਪਾਕਿਸਤਾਨੀ ਫੌਜ ਦਾ ਹੈੱਡਕੁਆਰਟਰ ਮੌਜੂਦ ਹੈ। ਉਨ੍ਹਾਂ ਕਿਹਾ ਕਿ ਬ੍ਰਹਮੋਸ ਮਿਜ਼ਾਈਲ ਸਿਰਫ਼ ਹਥਿਆਰ ਨਹੀਂ ਹੈ ਸਗੋਂ ਇਹ ਭਾਰਤੀ ਹਥਿਆਰਬੰਦ ਬਲਾਂ ਦੀ ‘ਤਾਕਤ ਦਾ ਸੁਨੇਹਾ’ ਵੀ ਹੈ। ਰੱਖਿਆ ਮੰਤਰੀ ਨੇ ਅੱਜ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ’ਚ ਸੁਪਰਸੋਨਿਕ ਕਰੂਜ਼ ਮਿਜ਼ਾਈਲ ਪ੍ਰਣਾਲੀ ਦੇ ਇੰਟੀਗ੍ਰੇਸ਼ਨ ਅਤੇ ਟੈਸਟਿੰਗ ਸੈਂਟਰ ਦਾ ਵਰਚੁਅਲੀ ਉਦਘਾਟਨ ਕੀਤਾ। ਦਿੱਲੀ ਤੋਂ ਆਪਣੇ ਸੰਬੋਧਨ ’ਚ ਰਾਜਨਾਥ ਨੇ ਕਿਹਾ, ‘‘ਭਾਰਤ ਹੁਣ ਦੁਨੀਆ ਦੇ ਸਭ ਤੋਂ ਵੱਧ ਤਾਕਤਵਰ ਮੁਲਕਾਂ ’ਚੋਂ ਇਕ ਹੈ। ਅਸੀਂ ਲਗਾਤਾਰ ਆਪਣੀ ਤਾਕਤ ਵਧਾ ਰਹੇ ਹਾਂ ਅਤੇ ਮੇਰਾ ਮੰਨਣਾ ਹੈ ਕਿ ਜਿਸ ਕੇਂਦਰ ਦਾ ਅੱਜ ਉਦਘਾਟਨ ਹੋ ਰਿਹਾ ਹੈ, ਉਹ ਭਾਰਤ ਦੀ ਤਾਕਤ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ’ਚ ਸਹਾਈ ਹੋਵੇਗਾ।’’ ਉਨ੍ਹਾਂ ਕਿਹਾ ਕਿ ਬ੍ਰਹਮੋਸ ਦੁਨੀਆ ਦੀਆਂ ਸਭ ਤੋਂ ਤੇਜ਼ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ’ਚੋਂ ਇਕ ਹੈ ਜੋ ਸਰਹੱਦਾਂ ਸੁਰੱਖਿਅਤ ਰੱਖਣ ਪ੍ਰਤੀ ਸਾਡੀ ਵਚਨਬੱਧਤਾ ਦਾ ਵੀ ਇਕ ਸੁਨੇਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਬ੍ਰਹਮੋਸ ਇੰਟੀਗ੍ਰੇਸ਼ਨ ਅਤੇ ਟੈਸਟਿੰਗ ਸੈਂਟਰ ਨਾਲ ਰੱਖਿਆ ਖੇਤਰ ’ਚ ਭਾਰਤ ਦੀ ਆਤਮ-ਨਿਰਭਰਤਾ ਵੱਲ ਕੋਸ਼ਿਸ਼ਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਖੁਸ਼ੀ ਜਤਾਈ ਕਿ ਪ੍ਰਾਜੈਕਟ ਸਿਰਫ਼ 40 ਮਹੀਨਿਆਂ ’ਚ ਬਣ ਕੇ ਤਿਆਰ ਹੋਇਆ ਹੈ। ਰਾਜਨਾਥ ਨੇ ਕਿਹਾ ਕਿ ਯੂਪੀ ਰੱਖਿਆ ਲਾਂਘਾ ਲਖਨਊ, ਕਾਨਪੁਰ, ਝਾਂਸੀ, ਚਿਤਰਕੂਟ, ਆਗਰਾ ਅਤੇ ਅਲੀਗੜ੍ਹ ਰਾਹੀਂ ਗੁਜ਼ਰੇਗਾ ਅਤੇ ਇਹ ਸਾਰੇ ਸ਼ਹਿਰ ਆਉਂਦੇ ਸਮੇਂ ’ਚ ਵਿਕਾਸ ਦੇ ਨਵੇਂ ਕੇਂਦਰ ਵਜੋਂ ਉਭਰਨਗੇ। ਉਨ੍ਹਾਂ ਕਿਹਾ ਕਿ ਜਨਤਕ ਅਤੇ ਪ੍ਰਾਈਵੇਟ ਸੈਕਟਰਾਂ ਦੀ ਪ੍ਰਾਜੈਕਟ ’ਚ ਅਹਿਮ ਭਾਈਵਾਲੀ ਹੈ। ਪ੍ਰਾਈਵੇਟ ਸੈਕਟਰ ਬਾਰੇ ਉਨ੍ਹਾਂ ਕਿਹਾ ਕਿ ਪੀਟੀਸੀ ਇੰਡਸਟਰੀਜ਼ ਲਿਮਟਿਡ ਟਾਈਟੈਨਿਮ ਅਤੇ ਸੁਪਰ-ਐਲੋਇ ਸਮੱਗਰੀ ਦੇ ਪਲਾਂਟ ਸ਼ੁਰੂ ਕਰ ਰਿਹਾ ਹੈ ਅਤੇ ਇਸ ਤੋਂ ਇਲਾਵਾ ਸੱਤ ਹੋਰ ਅਹਿਮ ਪ੍ਰਾਜੈਕਟਾਂ ਦੇ ਨੀਂਹ ਪੱਥਰ ਵੀ ਰੱਖੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਏਅਰਕ੍ਰਾਫਟ ਮੈਨੂੰਫੈਕਚਰਿੰਗ, ਯੂਏਵੀਜ਼, ਡਰੋਨ, ਗੋਲੀ-ਸਿੱਕਾ, ਛੋਟੇ ਹਥਿਆਰ ਅਤੇ ਪੈਰਾਸ਼ੂਟ ਸਮੇਤ ਹੋਰ ਫੌਜੀ ਸਾਜ਼ੋ-ਸਾਮਾਨ ’ਚ ਵੱਡੇ ਨਿਵੇਸ਼ ਕੀਤੇ ਗਏ ਹਨ। ਪ੍ਰਾਜੈਕਟ ਲਈ ਡੀਆਰਡੀਓ, ਇੰਜਨੀਅਰਾਂ ਅਤੇ ਹੋਰ ਲੋਕਾਂ ਨੂੰ ਵਧਾਈ ਦਿੰਦਿਆਂ ਰਾਜਨਾਥ ਨੇ ਕਿਹਾ ਕਿ ਬ੍ਰਹਮੋਸ ਕੇਂਦਰ ਦੇ ਉਦਘਾਟਨ ਦੀ ਅਹਿਮੀਅਤ ਵਧ ਗਈ ਹੈ ਕਿਉਂਕਿ ਇਹ ਕੌਮੀ ਤਕਨਾਲੋਜੀ ਦਿਵਸ ਮੌਕੇ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਹੀ 1998 ’ਚ ਅਟਲ ਬਿਹਾਰੀ ਵਾਜਪਈ ਦੀ ਅਗਵਾਈ ਹੇਠ ਪੋਖਰਨ ’ਚ ਪਰਮਾਣੂ ਪ੍ਰੀਖਣ ਕੀਤਾ ਗਿਆ ਸੀ।

Share: