ਪਾਕਿਸਤਾਨ ਨਾਲ ਤਣਾਅ ਵਿਚਾਲੇ ਭਾਰਤ ਨੇ ਅੱਜ ਜੰਮੂ ਖਿੱਤੇ ਦੇ ਰਾਮਬਨ ’ਚ ਬਗਲੀਹਾਰ ਡੈਮ ਅਤੇ ਰਿਆਸੀ ’ਚ ਸਲਾਲ ਡੈਮ ਦੇ ਗੇਟ ਖੋਲ੍ਹ ਦਿੱਤੇ ਜਿਸ ਨਾਲ ਪਾਕਿਸਤਾਨ ’ਚ ਵਗਦੇ ਚਨਾਬ ਦਰਿਆ ’ਚ ਪਾਣੀ ਦਾ ਪੱਧਰ ਵਧ ਗਿਆ ਹੈ। ਇਹ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ ਦਿਨੇ ਪਏ ਮੀਂਹ ਮਗਰੋਂ ਬੰਨ੍ਹਾਂ ਦੇ ਜਲ ਭੰਡਾਰ ਪੂਰੀ ਤਰ੍ਹਾਂ ਭਰ ਗਏ ਸਨ। ਅਖਨੂਰ ’ਚ ਚਨਾਬ ਦਰਿਆ ’ਚ ਪਾਣੀ ਦਾ ਪੱਧਰ ਵਧਿਆ ਹੋਇਆ ਸੀ ਜਿੱਥੇ ਦਰਿਆ ਪਾਕਿਸਤਾਨ ਅੰਦਰ ਦਾਖਲ ਹੁੰਦਾ ਹੈ।
ਭਾਰਤ ਨੇ 22 ਅਪਰੈਲ ਨੂੰ ਪਹਿਲਗਾਮ ਹਮਲੇ ਮਗਰੋਂ ਸਿੰਧੂ ਜਲ ਸੰਧੀ ਮੁਅੱਤਲ ਕਰ ਦਿੱਤੀ ਸੀ, ਜਿਸ ਕਾਰਨ ਦੋਵਾਂ ਮੁਲਕਾਂ ਵਿਚਾਲੇ ਜੰਗ ਵਰਗੇ ਹਾਲਾਤ ਬਣ ਗਏ ਸਨ। ਇਸ ਵਿੱਚ ਕਈ ਸੈਨਿਕਾਂ ਤੇ ਆਮ ਲੋਕਾਂ ਨੂੰ ਜਾਨ ਗੁਆਉਣੀ ਪਈ। ਸੂਤਰਾਂ ਨੇ ਦੱਸਿਆ ਕਿ ਬੰਨ੍ਹਾਂ ਦੇ ਗੇਟ ਸਿਰਫ਼ ਪਾਣੀਆਂ ਦੇ ਭੰਡਾਰਾਂ ’ਤੇ ਦਬਾਅ ਘਟਾਉਣ ਲਈ ਖੋਲ੍ਹੇ ਗਏ ਸਨ ਕਿਉਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਪਾਕਿਸਤਾਨ ਵੱਲ ਪਾਣੀ ਦਾ ਵਹਾਅ 22 ਅਪਰੈਲ ਤੋਂ ਪਹਿਲਾਂ ਦੇ ਪੱਧਰ ’ਤੇ ਲਿਜਾਇਆ ਜਾਵੇਗਾ ਜਾਂ ਨਹੀਂ। ਸੂਤਰਾਂ ਨੇ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਦਾ ਸਿੰਧੂ ਜਲ ਸੰਧੀ ਬਾਰੇ ਦਿੱਲੀ ਦੇ ਰੁਖ਼ ’ਤੇ ਕੋਈ ਅਸਰ ਨਹੀਂ ਪਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਚੀਜ਼ਾਂ ਹੋਰ ਸਪੱਸ਼ਟ ਹੋ ਜਾਣਗੀਆਂ। ਸਰਕਾਰੀ ਸੂਤਰਾਂ ਨੇ ਬੀਤੇ ਕਿਹਾ ਸੀ ਕਿ ਸਿੰਧੂ ਜਲ ਸੰਧੀ ਮੁਅੱਤਲ ਰੱਖਣ ਸਮੇਤ ਪਾਕਿਸਤਾਨ ਖ਼ਿਲਾਫ਼ ਭਾਰਤ ਦੇ ਸਜ਼ਾਯੋਗ ਉਪਾਅ ਜਾਰੀ ਰਹਿਣਗੇ।
ਇਹ ਸਪੱਸ਼ਟੀਕਰਨ ਭਾਰਤ ਤੇ ਪਾਕਿਸਤਾਨ ਵਿਚਾਲੇ ਗੋਲੀਬਾਰੀ ਤੇ ਫੌਜੀ ਕਾਰਵਾਈ ਰੋਕਣ ’ਤੇ ਸਹਿਮਤੀ ਬਣਨ ਤੋਂ ਬਾਅਦ ਆਇਆ ਹੈ ਜਿਸ ਨਾਲ ਦੋਵਾਂ ਦੇਸ਼ਾਂ ਦੀਆਂ ਸੈਨਾਵਾਂ ਵਿਚਾਲੇ ਕਈ ਦਿਨਾਂ ਤੋਂ ਚੱਲੀ ਜਾ ਰਹੀ ਜੰਗ ਰੁਕ ਗਈ ਹੈ। ਸੂਤਰਾਂ ਨੇ ਕਿਹਾ ਕਿ 23 ਅਪਰੈਲ ਨੂੰ ਪਾਕਿਸਤਾਨ ਖ਼ਿਲਾਫ਼ ਭਾਰਤ ਵੱਲੋਂ ਕੀਤੇ ਐਲਾਨ ਅਮਲ ’ਚ ਰਹਿਣਗੇ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਅਤਿਵਾਦ ਨੂੰ ਸਜ਼ਾ ਦਿੱਤੇ ਬਿਨਾਂ ਛੱਡਿਆ ਨਹੀਂ ਜਾਵੇਗਾ ਅਤੇ ਅਤਿਵਾਦ ਖ਼ਿਲਾਫ਼ ਭਾਰਤ ਦ੍ਰਿੜ੍ਹ ਸੰਕਲਪ ਹੈ।