ਹਵਾਈ ਸੈਨਾ ਦੀ ਵਰਦੀ ’ਚ ਘੁੰਮਦਾ ਫਰਜ਼ੀ ਪਾਇਲਟ ਗ੍ਰਿਫ਼ਤਾਰ

ਹਵਾਈ ਸੈਨਾ ਦੀ ਵਰਦੀ ’ਚ ਘੁੰਮਦਾ ਫਰਜ਼ੀ ਪਾਇਲਟ ਗ੍ਰਿਫ਼ਤਾਰ

ਜ਼ੀਰਕਪੁਰ : ਭਾਰਤ ਤੇ ਪਾਕਿਸਤਾਨ ਵਿਚਾਲੇ ਚਲ ਰਹੇ ਤਣਾਅ ਦੌਰਾਨ ਐਵਤਾਰ ਨੂੰ ਏਅਰ ਫੋਰਸ ਸਟੇਸ਼ਨ ਚੰਡੀਗੜ੍ਹ ਦੇ ਅਧਿਕਾਰੀਆਂ ਨੇ ਜ਼ੀਰਕਪੁਰ ਵਿੱਚੋਂ ਸ਼ੱਕੀ ਵਿਅਕਤੀ ਨੂੰ ਹਵਾਈ ਸੈਨਾ ਦੇ ਪਾਇਲਟ ਦੀ ਵਰਦੀ ਵਿੱਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸੁਖਪ੍ਰੀਤ ਸਿੰਘ ਵਾਸੀ ਆਸ਼ੀਆਨਾ ਕੰਪਲੈਕਸ ਦੇ ਤੌਰ ’ਤੇ ਹੋਈ ਹੈ। ਪੁਲੀਸ ਨੇ ਦੱਸਿਆ ਕਿ ਅੱਜ ਏਅਰ ਫੋਰਸ ਦੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਕਿ ਜ਼ੀਰਕਪੁਰ ਖੇਤਰ ਵਿੱਚ ਇਕ ਵਿਅਕਤੀ ਏਅਰ ਫੋਰਸ ਦੇ ਪਾਇਲਟ ਦੀ ਵਰਦੀ ਵਿੱਚ ਘੁੰਮ ਰਿਹਾ ਹੈ। ਏਅਰ ਫੋਰਸ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਜ਼ੀਰਕਪੁਰ ਪੁਲੀਸ ਦੇ ਹਵਾਲੇ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਨਸ਼ਾ ਕਰਨ ਦਾ ਆਦੀ ਹੈ ਜਿਸ ਖ਼ਿਲਾਫ਼ ਪਹਿਲਾਂ ਵੀ ਚੋਰੀ ਅਤੇ ਲੁੱਟ-ਖੋਹ ਕੇ ਕਈ ਕੇਸ ਦਰਜ ਹਨ। ਮੁਲਜ਼ਮ ਨੇ ਪੁਲੀਸ ਨੂੰ ਦੱਸਿਆ ਕਿ ਉਹ ਲੰਘੀ ਛੇ ਤਰੀਕ ਨੂੰ ਆਪਣੇ ਦੋਸਤ ਨਾਲ ਘੁੰਮ ਰਿਹਾ ਸੀ। ਇਸ ਦੌਰਾਨ ਉਸ ਨੂੰ ਏਅਰ ਫੋਰਸ ਪਾਇਲਟ ਦੀ ਵਰਦੀ ਭਬਾਤ ਰੋਡ ’ਤੇ ਸਥਿਤ ਬੇਕਰੀ ਦੀ ਦੁਕਾਨ ਤੋਂ ਮਿਲੀ ਸੀ। ਥਾਣਾ ਮੁਖੀ ਗਗਨਦੀਪ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਜੋ ਕਹਾਣੀ ਸੁਣਾ ਰਿਹਾ ਹੈ ਉਹ ਸੱਚ ਹੈ ਜਾਂ ਫਰਜ਼ੀ। ਉਨ੍ਹਾਂ ਕਿਹਾ ਕਿ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਨੇ ਵਰਦੀ ਕਿਉਂ ਪਾਈ ਸੀ।

Share: