ਆਵਾਮੀ ਲੀਗ ਦੀ ਰਜਿਸਟਰੇਸ਼ਨ ਰੱਦ ਕਰਨ ਲਈ ਨੋਟੀਫਿਕੇਸ਼ਨ ਦੀ ਉਡੀਕ

ਆਵਾਮੀ ਲੀਗ ਦੀ ਰਜਿਸਟਰੇਸ਼ਨ ਰੱਦ ਕਰਨ ਲਈ ਨੋਟੀਫਿਕੇਸ਼ਨ ਦੀ ਉਡੀਕ

ਢਾਕਾ : ਬੰਗਲਾਦੇਸ਼ ਦੇ ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਂਭੇ ਕੀਤੀ ਗਈ ਸ਼ੇਖ ਹਸੀਨਾ ਦੀ ਆਵਾਮੀ ਲੀਗ ਦੀ ਰਜਿਸਟਰੇਸ਼ਨ ਰੱਦ ਕਰਨ ਬਾਰੇ ਫੈਸਲਾ ਲੈਣ ਲਈ ਰਸਮੀ ਸਰਕਾਰੀ ਨੋਟੀਫਿਕੇਸ਼ਨ ਦਾ ਇੰਤਜ਼ਾਰ ਕਰ ਰਿਹਾ ਹੈ, ਕਿਉਂਕਿ ਮੁਹੰਮਦ ਯੂਨੁਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਨੇ ਅਤਿਵਾਦ ਵਿਰੋਧੀ ਕਾਨੂੰਨ ਤਹਿਤ ਪਾਰਟੀ ਦੀਆਂ ਗਤੀਵਿਧੀਆਂ ’ਤੇ ਪਾਬੰਦੀ ਲਗਾ ਦਿੱਤੀ ਹੈ।

ਮੁੱਖ ਚੋਣ ਕਮਿਸ਼ਨਰ ਏਐੱਮਐੱਮ ਨਾਸਿਰ ਉਦਦੀਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਜੇਕਰ ਭਲਕੇ (ਸੋਮਵਾਰ ਨੂੰ) ਗਜ਼ਟ ਪ੍ਰਕਾਸ਼ਿਤ ਹੁੰਦਾ ਹੈ ਤਾਂ ਅਸੀਂ ਆਵਾਮੀ ਲੀਗ ਦੀ ਰਜਿਸਟਰੇਸ਼ਨ ਦੇ ਮੁੱਦੇ ’ਤੇ ਫੈਸਲਾ ਲੈਣ ਤੋਂ ਪਹਿਲਾਂ ਬੈਠ ਕੇ ਚਰਚਾ ਕਰਾਂਗੇ।’’ ਬੰਗਲਾਦੇਸ਼ ਦੇ ਕਾਨੂੰਨ ਮੁਤਾਬਕ, ਜੇਕਰ ਚੋਣ ਕਮਿਸ਼ਨ ਦੇ ਨਾਲ ਆਵਾਮੀ ਲੀਗ ਦੀ ਰਜਿਸਟਰੇਸ਼ਨ ਰੱਦ ਕਰ ਦਿੱਤੀ ਜਾਂਦੀ ਹੈ ਤਾਂ ਉਹ ਆਮ ਚੋਣਾਂ ਲੜਨ ਤੋਂ ਅਯੋਗ ਹੋ ਜਾਵੇਗੀ, ਜੋ ਦਸਬੰਰ 2025 ਅਤੇ ਜੂਨ 2026 ਵਿਚਾਲੇ ਹੋ ਸਕਦੀਆਂ ਹਨ। ਅੰਤਰਿਮ ਸਰਕਾਰ ਦੀ ਸਲਾਹਕਾਰ ਕੌਂਸਲ ਜਾਂ ਮੰਤਰੀ ਮੰਡਲ ਨੇ ਸ਼ਨਿਚਰਵਾਰ ਰਾਤ ਨੂੰ ਅਤਿਵਾਦ ਵਿਰੋਧੀ ਕਾਨੂੰਨ ਤਹਿਤ ਸਾਈਬਰਸਪੇਸ ਸਣੇ ‘ਆਵਾਮੀ ਲੀਗ ਦੀਆਂ ਸਾਰੀਆਂ ਗਤੀਵਿਧੀਆਂ ’ਤੇ ਪਾਬੰਦੀ ਲਗਾ ਦਿੱਤੀ ਸੀ।

ਯੂਨੁਸ ਦੇ ਦਫ਼ਤਰ ਨੇ ਇਸ ਨੂੰ ਸਲਾਹਕਾਰ ਕੌਂਸਲ ਜਾਂ ਮੰਤਰੀ ਮੰਡਲ ਦਾ ਬਿਆਨ ਦੱਸਦੇ ਹੋਏ ਕਿਹਾ, ‘‘ਇਸ ਸਬੰਧੀ ਅਧਿਕਾਰਤ ਗਜ਼ਟ ਨੋਟੀਫਿਕੇਸ਼ਨ ਅਗਲੇ ਕੰਮ ਵਾਲੇ ਦਿਨ ’ਤੇ ਜਾਰੀ ਕੀਤਾ ਜਾਵੇਗਾ।’’

ਬਿਆਨ ਵਿੱਚ ਕਿਹਾ ਗਿਆ ਹੈ ਕਿ ਕੌਂਸਲ ਨੇ ਫੈਸਲਾ ਲਿਆ ਹੈ ਕਿ ਦੇਸ਼ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਦੀ ਰੱਖਿਆ ਦੇ ਹਿੱਤ ਵਿੱਚ ਬੰਗਲਾਦੇਸ਼ ਦੇ ਕੌਮਾਂਤਰੀ ਅਪਰਾਧ ਟ੍ਰਿਬਿਊਨਲ ਵਿੱਚ ਆਵਾਮੀ ਲੀਗ ਅਤੇ ਉਸ ਦੇ ਆਗੂਆਂ ਦਾ ਮੁਕੱਦਮਾ ਪੂਰਾ ਹੋਣ ਤੱਕ ਪਾਬੰਦੀ ਪ੍ਰਭਾਵੀ ਰਹੇਗੀ। ਇਸ ਨੇ ਕਿਹਾ ਕਿ ਇਹ ਫੈਸਲਾ ਜੁਲਾਈ 2024 ਦੇ ਵਿਦਰੋਹ ਦੇ ਆਗੂਆਂ ਅਤੇ ਕਾਰਕੁਨਾਂ ਦੀ ਸੁਰੱਖਿਆ ਲਈ ਵੀ ਲਿਆ ਗਿਆ ਸੀ, ਜਿਸ ਕਰ ਕੇ ਅਖ਼ੀਰ ਆਵਾਮੀ ਲੀਗ ਸ਼ਾਸਨ ਨੂੰ ਕੌਮਾਂਤਰੀ ਅਪਰਾਧ ਟ੍ਰਿਬਿਊਨਲ (ਆਈਸੀਟੀ) ਵਿੱਚ ਚੱਲਦੇ ਮੁਕੱਦਮੇ ਦੇ ਸ਼ਿਕਾਇਤਕਰਤਾਵਾਂ ਅਤੇ ਗਵਾਹਾਂ ਦੇ ਨਾਲ ਬਾਹਰ ਹੋਣਾ ਪਿਆ।

‘ਫੈਸਲੇ ਦਾ ਵਿਰੋਧ ਕਰਦੇ ਹੋਏ ਉਚਿਤ ਢੰਗ ਨਾਲ ਗਤੀਵਿਧੀਆਂ ਜਾਰੀ ਰੱਖੇਗੀ ਆਵਾਮੀ ਲੀਗ’

ਢਾਕਾ/ਨਵੀਂ ਦਿੱਲੀ: ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਆਵਾਮੀ ਲੀਗ ’ਤੇ ਪਾਬੰਦੀ ਲਗਾਉਣ ਦੇ ਫੈਸਲੇ ’ਤੇ ਪ੍ਰਤੀਕਿਰਿਆ ਦੇਣ ਲਈ ‘ਐਕਸ’ ਉੱਤੇ ਪੋਸਟ ਕੀਤੇ ਇਕ ਸਖ਼ਤ ਸ਼ਬਦਾਂ ਵਾਲੇ ਬਿਆਨ ਵਿੱਚ ਆਵਾਮੀ ਲੀਗ ਨੇ ਕਿਹਾ, ‘‘ਅਸੀਂ ਫਾਸ਼ੀਵਾਦੀ ਤਾਨਾਸ਼ਾਹ ਯੂਨੁਸ ਸਰਕਾਰ ਦੇ ਫੈਸਲੇ ਨੂੰ ਨਫ਼ਰਤ ਨਾਲ ਨਾਮਨਜ਼ੂਰ ਕਰਦੇ ਹਾਂ ਅਤੇ ਉਸ ਦਾ ਵਿਰੋਧ ਕਰਦੇ ਹਾਂ…ਆਵਾਮੀ ਲੀਗ ਫਾਸ਼ੀਵਾਦੀ ਯੂਨੁਸ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਉਚਿਤ ਢੰਗ ਨਾਲ ਆਪਣੀਆਂ ਗਤੀਵਿਧੀਆਂ ਜਾਰੀ ਰੱਖੇਗੀ।’’ ਪਾਰਟੀ ਨੇ ਅਫ਼ਸੋਸ ਜ਼ਾਹਿਰ ਕੀਤਾ ਕਿ ਅੱਜ ਦੇ ਆਜ਼ਾਦ ਬੰਗਲਾਦੇਸ਼ ਨੂੰ ਇਕ ਗੈਰ-ਲੋਕਤੰਤਰੀ ਫਾਸ਼ੀਵਾਦੀ ਸਰਕਾਰ ਵੱਲੋਂ ਆਵਾਮੀ ਲੀਗ ਦੀਆਂ ਗਤੀਵਿਧੀਆਂ ’ਤੇ ਪਾਬੰਦੀ ਦੇਖਣੀ ਪਈ, ਜੋ ਕਿ ਹੁਣ ਲੋਕਾਂ ਦੇ ਫ਼ਤਵੇ ਤੋਂ ਬਿਨਾ ਦੇਸ਼ ਚਲਾ ਰਹੀ ਹੈ, ਜਦਕਿ ਦੇਸ਼ ਨੇ ਆਵਾਮੀ ਲੀਗ ਦੀ ਅਗਵਾਈ ਵਿੱਚ ਆਜ਼ਾਦੀ ਤੇ ਪ੍ਰਭੂਸੱਤਾ ਹਾਸਲ ਕੀਤੀ ਹੈ।’’

Share: