ਭਾਰਤ ਨੇ ਪਾਕਿਸਤਾਨ ਦੇ ਫੌਜੀ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ

ਭਾਰਤ ਨੇ ਪਾਕਿਸਤਾਨ ਦੇ ਫੌਜੀ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ

ਨਵੀਂ ਦਿੱਲੀ : ਪਾਕਿਸਤਾਨੀ ਡਰੋਨਾਂ ਵੱਲੋਂ ਬੀਤੀ ਰਾਤ ਪੱਛਮੀ ਫਰੰਟ ਦੇ ਨਾਲ-ਨਾਲ 26 ਥਾਵਾਂ ’ਤੇ ਘੁਸਪੈਠ ਮਗਰੋਂ ਭਾਰਤੀ ਹਥਿਆਰਬੰਦ ਬਲਾਂ ਨੇ ਸ਼ਨਿੱਚਰਵਾਰ ਵੱਡੇ ਤੜਕੇ ਪਾਕਿਸਤਾਨ ਵਿੱਚ ਕਰੀਬ ਅੱਧੀ ਦਰਜਨ ਥਾਵਾਂ ’ਤੇ ਫੌਜੀ ਟਿਕਾਣਿਆਂ ਨੂੰ ਤਬਾਹ ਕੀਤਾ ਹੈ। ਇਨ੍ਹਾਂ ਹਮਲਿਆਂ ਨਾਲ ਪਾਕਿਸਤਾਨ ਦੀ ਹਵਾਈ ਨਿਗਰਾਨੀ ਅਤੇ ਹਮਲਾ ਪ੍ਰਣਾਲੀ ਪ੍ਰਭਾਵਿਤ ਹੋਈ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਹੈ ਕਿ ਧਮਾਕੇ ਤਿੰਨ ਹਵਾਈ ਫੌਜ ਦੇ ਟਿਕਾਣਿਆਂ ’ਤੇ ਹੋਏ ਹਨ, ਜਿਨ੍ਹਾਂ ਵਿੱਚ ਰਾਵਲਪਿੰਡੀ ਵਿੱਚ ਨੂਰ ਖਾਨ ਏਅਰ ਬੇਸ ਵੀ ਸ਼ਾਮਲ ਹੈ, ਜੋ ਕਿ ਇਸਲਾਮਾਬਾਦ ਤੋਂ 10 ਕਿਲੋਮੀਟਰ ਤੋਂ ਵੀ ਘੱਟ ਦੂਰੀ ’ਤੇ ਅਤੇ ਦੇਸ਼ ਦੇ ਫੌਜੀ ਹੈੱਡਕੁਆਰਟਰ ਦੇ ਨਾਲ ਲੱਗਦੀ ਮੁੱਖ ਜਗ੍ਹਾ ਹੈ। ਕੇਂਦਰ ਸਰਕਾਰ ਨੇ Opertion Sindoor ਨੂੰ ਲੈ ਕੇ ਕੀਤੀ ਵਿਸ਼ੇਸ਼ ਬ੍ਰੀਫਿੰਗ ਦੌਰਾਨ ਕਿਹਾ ਕਿ ਪਾਕਿਸਤਾਨ ਨੇ ਸ਼ੁੱਕਰਵਾਰ ਰਾਤ ਨੂੰ ਊਧਮਪੁਰ, ਪਠਾਨਕੋਟ ਤੇ ਬਠਿੰਡਾ ਸਣੇ ਹੋਰਨਾਂ ਹਵਾਈ ਬੇਸਾਂ ਨੂੰ ਨਿਸ਼ਾਨਾ ਬਣਾਇਆ। ਬ੍ਰੀਫਿੰਗ ਵਿਚ ਵਿਦੇਸ਼ ਸਕੱਤਰ ਵਿਕਰਮ ਮਿਸਰੀ, ਥਲ ਸੈਨਾ ਦੀ ਕਰਨਲ ਸੋਫੀਆ ਕੁਰੈਸ਼ੀ ਤੇ ਹਵਾਈ ਸੈਨਾ ਦੀ ਵਿੰਗ ਕਮਾਂਡਰ ਵਿਓਮਿਕਾ ਸਿੰਘ ਮੌਜੂਦ ਸਨ।

ਕਰਨਲ ਸੋਫੀਆ ਨੇ ਕਿਹਾ ਕਿ ਪਾਕਿਸਤਾਨ ਨੇ ਡਰੋਨਾਂ ਤੇ ਹੋਰ ਅਤਿਆਧੁਨਿਕ ਹਥਿਆਰਾਂ ਨਾਲ ਭਾਰਤ ਦੇ ਪੱਛਮੀ ਫਰੰਟ ਨੂੰ ਨਿਸ਼ਾਨਾ ਬਣਾਇਆ। ਕੁੱਲ ਮਿਲਾ ਕੇ 26 ਭਾਰਤੀ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਭਾਰਤ ਨੇ ਤਕਰੀਬਨ ਹਰੇਕ ਹਮਲੇ ਨੂੰ ਨਾਕਾਮ ਕਰ ਦਿੱਤਾ। ਕੁਰੈਸ਼ੀ ਨੇ ਕਿਹਾ, ‘‘ਪਾਕਿਸਤਾਨ ਨੇ ਸ੍ਰੀਨਗਰ, ਅਵੰਤੀਪੋਰਾ ਤੇ ਊਧਮਪੁਰ ਵਿਚ ਸਕੂਲ ਤੇ ਹਸਪਤਾਲ ਨੂੰ ਵੀ ਨਿਸ਼ਾਨਾ ਬਣਾਇਆ।’’

ਕਰਨਲ ਸੋਫੀਆ ਕੁਰੈਸ਼ੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ “ਭਾਰਤ ਤਣਾਅ ਨਹੀਂ ਚਾਹੁੰਦਾ, ਬਸ਼ਰਤੇ ਪਾਕਿਸਤਾਨ ਵੀ ਇਸੇ ਤਰ੍ਹਾਂ ਵਿਵਹਾਰ ਕਰੇ।” ਉਨ੍ਹਾਂ ਕਿਹਾ ਕਿ ਪਾਕਿਸਤਾਨੀ ਕਾਰਵਾਈਆਂ ਦਾ ਢੁਕਵਾਂ ਜਵਾਬ ਦਿੱਤਾ ਗਿਆ ਹੈ। ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਨੇ ਭਾਰਤ ਵਿਰੁੱਧ ਮਿਜ਼ਾਈਲ ਹਮਲਾ ਕੀਤਾ, ਪਰ ਭਾਰਤੀ ਫੌਜ ਨੇ ਹਰ ਮਿਜ਼ਾਈਲ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ। ਉਨ੍ਹਾਂ  ਕਿਹਾ ਕਿ ਪਾਕਿਸਤਾਨੀ ਫੌਜ ਨੇ ਬੀਤੀ ਰਾਤ ਕੀਤੇ ਹਮਲਿਆਂ ਦੌਰਾਨ ਭਾਰਤੀ ਫੌਜੀ ਟਿਕਾਣਿਆਂ ਦੇ ਨਾਲ-ਨਾਲ ਨਾਗਰਿਕ ਖੇਤਰਾਂ ਅਤੇ ਧਾਰਮਿਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ।

ਪਾਕਿਸਤਾਨ ‘ਤੇ ਝੂਠ ਫੈਲਾਉਣ ਦਾ ਦੋਸ਼ ਲਗਾਉਂਦੇ ਹੋਏ ਕਰਨਲ ਕੁਰੈਸ਼ੀ ਨੇ ਕਿਹਾ, “ਪਾਕਿਸਤਾਨ ਨੇ ਸੋਸ਼ਲ ਮੀਡੀਆ ‘ਤੇ ਆਦਮਪੁਰ ਵਿੱਚ ਸਥਿਤ ਭਾਰਤੀ S-400 ਰੱਖਿਆ ਪ੍ਰਣਾਲੀ ਨੂੰ ਤਬਾਹ ਕਰਨ ਵਰਗੇ ਕਈ ਝੂਠੇ ਦਾਅਵੇ ਫੈਲਾਏ ਹਨ, ਜਿਸ ਨੂੰ ਭਾਰਤ ਪੂਰੀ ਤਰ੍ਹਾਂ ਰੱਦ ਕਰਦਾ ਹੈ।” ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ 80 ਥਾਵਾਂ ‘ਤੇ ਹਵਾਈ ਹਮਲੇ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਭਾਰਤੀ ਫੌਜ ਨੇ ਚਾਰ ਪਾਕਿਸਤਾਨੀ ਏਅਰਬੇਸਾਂ ‘ਤੇ ਜਵਾਬੀ ਕਾਰਵਾਈ ਕੀਤੀ ਹੈ। ਸਾਡੀ ਫੌਜ ਨੇ ਪਾਕਿਸਤਾਨ ਦੀਆਂ ਸਾਰੀਆਂ ਕੋਸ਼ਿਸ਼ਾਂ ਦਾ ਢੁਕਵਾਂ ਜਵਾਬ ਦਿੱਤਾ ਹੈ।

ਕਰਨਲ ਕੁਰੈਸ਼ੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ, ‘‘ਭਾਰਤ ਸ਼ਾਂਤੀ ਚਾਹੁੰਦਾ ਹੈ ਪਰ ਜੇਕਰ ਪਾਕਿਸਤਾਨ ਭੜਕਾਹਟ ਦੀ ਨੀਤੀ ਅਪਣਾਉਂਦਾ ਹੈ, ਤਾਂ ਜਵਾਬ ਉਸ ਦੀ ਆਪਣੀ ਭਾਸ਼ਾ ਵਿੱਚ ਦਿੱਤਾ ਜਾਵੇਗਾ। ਸਾਡੀ ਫੌਜ ਪੂਰੀ ਤਰ੍ਹਾਂ ਚੌਕਸ ਅਤੇ ਸਮਰੱਥ ਹੈ।”

ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਦੀਆਂ ਕਾਰਵਾਈਆਂ ਦਾ ਜਵਾਬ ਸੰਜੀਦਾ ਢੰਗ ਨਾਲ ਦਿੱਤਾ। ਪਾਕਿਸਤਾਨ ਦੀ ਕਾਰਵਾਈ ਭੜਕਾਊ ਹੈ ਅਤੇ ਤਣਾਅ ਵਧਾਉਂਦੀ ਹੈ।

ਇਸ ਤੋਂ ਪਹਿਲਾਂ ਪਾਕਿਸਤਾਨ ਨੇ ਅੱਜ ਵੱਡੇ ਤੜਕੇ ਦਾਅਵਾ ਕੀਤਾ ਹੈ ਕਿ ਭਾਰਤ ਨੇ ਉਸ ਦੇ ਤਿੰਨ ਹਵਾਈ ਬੇਸਾਂ ’ਤੇ ਮਿਜ਼ਾਈਲ ਤੇ ਡਰੋਨ ਹਮਲੇ ਕੀਤੇ ਹਨ। ਪਾਕਿਸਤਾਨੀ ਫੌਜ ਦੇ ਤਰਜਮਾਨ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਤੜਕੇ ਚਾਰ ਵਜੇ ਦੇ ਕਰੀਬ ਇਸਲਾਮਾਬਾਦ ਵਿਚ ਕਾਹਲੀ ਵਿਚ ਸੱਦੀ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਭਾਰਤ ਨੇ ਨੂਰ ਖ਼ਾਨ (ਚੱਕਲਾਲਾ, ਰਾਵਲਪਿੰਡੀ), ਮੁਰੀਦ (ਚੱਕਵਾਲ), ਰਫੀਕੀ (ਜੰਗ ਜ਼ਿਲ੍ਹੇ ਦੇ ਸ਼ੋਰਕੋਟ) ਹਵਾਈ ਬੇਸਾਂ ’ਤੇ ਹਮਲਾ ਕਰਕੇ ਪਾਕਿਸਤਾਨੀ ਹਵਾਈ ਸੈਨਾ ਨੂੰ ਨਿਸ਼ਾਨਾ ਬਣਾਇਆ ਹੈ। ਚੌਧਰੀ ਨੇ ਹਾਲਾਂਕਿ ਪਾਕਿ ਹਵਾਈ ਸੈਨਾ ਦੇ ਸਾਰੇ ਅਸਾਸੇ ਸੁਰੱਖਿਅਤ ਹੋਣ ਦਾ ਦਾਅਵਾ ਕੀਤਾ ਸੀ।

ਪ੍ਰੈਸ ਕਾਨਫਰੰਸ ਦੀਆਂ ਮੁੱਖ ਗੱਲਾਂ
  • ਭਾਰਤ ਨੇ ਪਾਕਿਸਤਾਨੀ ਕਾਰਵਾਈਆਂ ਦਾ ਢੁਕਵਾਂ ਜਵਾਬ ਦਿੱਤਾ
  • ਪਾਕਿਸਤਾਨ ਦੀਆਂ ਕਾਰਵਾਈਆਂ ਭੜਕਾਊ ਹਨ ਅਤੇ ਤਣਾਅ ਵਧਾਉਂਦੀਆਂ ਹਨ
  • ਪਾਕਿਸਤਾਨੀ ਕਾਰਵਾਈਆਂ ਦਾ ਢੁਕਵਾਂ ਜਵਾਬ ਦਿੱਤਾ ਗਿਆ ਹੈ
  • ਪਾਕਿਸਤਾਨ ਨੇ ਸ੍ਰੀਨਗਰ, ਅਵੰਤੀਪੁਰਾ ਅਤੇ ਊਧਮਪੁਰ ਵਿੱਚ ਡਾਕਟਰੀ ਸਹੂਲਤਾਂ ‘ਤੇ ਹਮਲਾ ਕੀਤਾ
  • ਪਾਕਿਸਤਾਨ ਨੇ ਪੰਜਾਬ ਵਿੱਚ ਦਾਗੀ ਤੇਜ਼ ਰਫ਼ਤਾਰ ਮਿਜ਼ਾਈਲ
  • ਪਾਕਿਸਤਾਨੀ ਫੌਜ ਨੂੰ ਸਰਹੱਦੀ ਇਲਾਕਿਆਂ ਵਿੱਚ ਆਪਣੇ ਸੈਨਿਕ ਭੇਜਦੇ ਦੇਖਿਆ ਗਿਆ
  • ਪਾਕਿਸਤਾਨ ਨੇ ਪੱਛਮੀ ਸਰਹੱਦ ਦੇ ਨਾਲ ਭਾਰਤੀ ਫੌਜੀ ਟਿਕਾਣਿਆਂ ‘ਤੇ ਹਮਲਾ ਕਰਨ ਲਈ ਡਰੋਨ, ਲੰਬੀ ਦੂਰੀ ਦੇ ਹਥਿਆਰਾਂ, ਹੋਰ ਹਥਿਆਰਾਂ ਅਤੇ ਜੈੱਟ ਜਹਾਜ਼ਾਂ ਦੀ ਵਰਤੋਂ ਕੀਤੀ
  • ਪਾਕਿਸਤਾਨੀ ਫੌਜ ਨੇ ਸਵੇਰੇ 1.40 ਵਜੇ ਪੰਜਾਬ ਵਿੱਚ ਇੱਕ ਹਵਾਈ ਸੈਨਾ ਦੇ ਅੱਡੇ ਨੂੰ ਨਿਸ਼ਾਨਾ ਬਣਾਉਣ ਲਈ ਤੇਜ਼ ਰਫ਼ਤਾਰ ਮਿਜ਼ਾਈਲਾਂ ਦੀ ਵਰਤੋਂ ਕੀਤੀ
  • ਭਾਰਤੀ ਫੌਜ ਨੇ ਭਾਰਤ ਵਿੱਚ ਹਵਾਈ ਸੈਨਾ ਦੇ ਠਿਕਾਣਿਆਂ ਨੂੰ ਤਬਾਹ ਕਰਨ ਦੇ ਪਾਕਿਸਤਾਨੀ ਦਾਅਵਿਆਂ ਨੂੰ ਰੱਦ ਕਰਨ ਲਈ ਤਸਵੀਰਾਂ ਦਿਖਾਈਆਂ
  • ਧਾਰਮਿਕ ਸਥਾਨ ‘ਤੇ ਮਿਜ਼ਾਈਲ ਦਾਗਣ ਦੇ ਪਾਕਿਸਤਾਨੀ ਦਾਅਵੇ ਨੂੰ ਬੇਤੁਕਾ ਦੱਸਿਆ
Share: