ਨਵੀਂ ਦਿੱਲੀ : ਭਾਰਤ-ਪਾਕਿਸਤਾਨ ਵਿਚਕਾਰ ਚੱਲ ਰਹੇ ਟਕਰਾਅ ਦਰਮਿਆਨ ਜੀ-7 ਦੇ ਵਿਦੇਸ਼ ਮੰਤਰੀਆਂ ਨੇ ਇੱਕ ਬਿਆਨ ਵਿੱਚ ਦੋਵਾਂ ਮੁਲਕਾਂ ਨੂੰ ਫੌਰੀ ‘ਤਣਾਅ ਘਟਾਉਣ’ ਤੇ ਇਸ ਟਕਰਾਅ ਦੇ ਸ਼ਾਂਤੀਪੂਰਨ ਹੱਲ ਲਈ ਸਿੱਧੀ ਗੱਲਬਾਤ ਦੇ ਰਾਹ ਪੈਣ ਦਾ ਸੱਦਾ ਦਿੱਤਾ ਹੈ। ਜੀ-7 ਵਿਚ ਸ਼ਾਮਲ ਮੈਂਬਰ ਮੁਲਕਾਂ ਨੇ ਕਿਹਾ, ‘ਅਸੀਂ ਫੌਰੀ ਤਣਾਅ ਘਟਾਉਣ ਦੀ ਮੰਗ ਕਰਦੇ ਹਾਂ ਅਤੇ ਦੋਵਾਂ ਦੇਸ਼ਾਂ ਨੂੰ ਮਸਲੇ ਦੇ ਸ਼ਾਂਤੀਪੂਰਨ ਹੱਲ ਲਈ ਸਿੱਧੇ ਸੰਵਾਦ ਦੇ ਰਾਹ ਪੈਣ ਦਾ ਸੱਦਾ ਦਿੰਦੇ ਹਾਂ।’’ ਬਿਆਨ ਵਿੱਚ ਕਿਹਾ ਗਿਆ, ‘‘ਅਸੀਂ ਘਟਨਾਕ੍ਰਮ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਫੌਰੀ ਤੇ ਕੂਟਨੀਤਕ ਹੱਲ ਲਈ ਆਪਣੇ ਵੱਲੋਂ ਹਮਾਇਤ ਦੇਣ ਦੀ ਇੱਛਾ ਜਤਾਉਂਦੇ ਹਾਂ।’’
ਬਿਆਨ ਵਿੱਚ 22 ਅਪਰੈਲ ਨੂੰ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਦੀ ‘ਸਖ਼ਤ ਨਿੰਦਾ’ ਕਰਦਿਆਂ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਤੋਂ ਵੱਧ ਤੋਂ ਵੱਧ ਸੰਜਮ ਨਾਲ ਕੰਮ ਲੈਣ ਦੀ ਅਪੀਲ ਕੀਤੀ ਗਈ ਹੈ। ਜੀ 7 ਮੈਂਬਰ ਮੁਲਕਾਂ ਨੇ ਕਿਹਾ, ‘‘ਫੌਜ ਟਕਰਾਅ ਖੇਤਰੀ ਸਥਿਰਤਾ ਲਈ ਗੰਭੀਰ ਖ਼ਤਰਾ ਪੈਦਾ ਕਰਦਾ ਹੈ। ਸਾਨੂੰ ਦੋਵਾਂ ਮੁਲਕਾਂ ਦੇ ਨਾਗਰਿਕਾਂ ਦੀ ਸੁਰੱਖਿਆ ਦੀ ਫ਼ਿਕਰ ਹੈ।’’ G7 ਵਿੱਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਯੂਨਾਈਟਿਡ ਕਿੰਗਡਮ ਤੇ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੇ ਪ੍ਰਤੀਨਿਧੀ ਸ਼ਾਮਲ ਹਨ।