ਚੰਡੀਗੜ੍ਹ : ਪਾਕਿਸਤਾਨ ਨੇ ਅੱਜ ਵੱਡੇ ਤੜਕੇ ਦਾਅਵਾ ਕੀਤਾ ਹੈ ਕਿ ਭਾਰਤ ਨੇ ਉਸ ਦੇ ਤਿੰਨ ਹਵਾਈ ਬੇਸਾਂ ’ਤੇ ਮਿਜ਼ਾਈਲ ਤੇ ਡਰੋਨ ਹਮਲੇ ਕੀਤੇ ਹਨ। ਭਾਰਤ ਵੱਲੋਂ ਜਲਦੀ ਹੀ ਇਸ ਸਬੰਧੀ ਬ੍ਰੀਫਿੰਗ ਕੀਤੀ ਜਾਵੇਗੀ।
ਪਾਕਿਸਤਾਨੀ ਫੌਜ ਦੇ ਤਰਜਮਾਨ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਤੜਕੇ ਚਾਰ ਵਜੇ ਦੇ ਕਰੀਬ ਇਸਲਾਮਾਬਾਦ ਵਿਚ ਕਾਹਲੀ ਵਿਚ ਸੱਦੀ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਭਾਰਤ ਨੇ ਨੂਰ ਖ਼ਾਨ (ਚੱਕਲਾਲਾ, ਰਾਵਲਪਿੰਡੀ), ਮੁਰੀਦ (ਚੱਕਵਾਲ), ਰਫੀਕੀ (ਜੰਗ ਜ਼ਿਲ੍ਹੇ ਦੇ ਸ਼ੋਰਕੋਟ) ਹਵਾਈ ਬੇਸਾਂ ’ਤੇ ਹਮਲਾ ਕਰਕੇ ਪਾਕਿਸਤਾਨੀ ਹਵਾਈ ਸੈਨਾ ਨੂੰ ਨਿਸ਼ਾਨਾ ਬਣਾਇਆ ਹੈ। ਚੌਧਰੀ ਨੇ ਦਾਅਵਾ ਕੀਤਾ, ‘‘ਪਰ ਹਵਾਈ ਸੈਨਾ ਦੇ ਸਾਰੇ ਅਸਾਸੇ ਸੁਰੱਖਿਅਤ ਹਨ।’’ ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਨੇ ਆਪਣੇ ਜੰਗੀ ਜਹਾਜ਼ਾਂ ਰਾਹੀਂ ਹਵਾ ਤੋਂ ਜ਼ਮੀਨ ’ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਛੱਡੀਆਂ। ਚੌਧਰੀ ਨੇ ਕਿਹਾ ਕਿ ਪਾਕਿਸਤਾਨ ਦੇ ਹਵਾਈ ਰੱਖਿਆ ਪ੍ਰਣਾਲੀ ਨੇ ਕਈ ਮਿਜ਼ਾਈਲਾਂ ਨੂੰ ਹਵਾ ਵਿਚ ਹੀ ਨਾਕਾਮ ਕਰ ਦਿੱਤਾ। ਇਸ ਦੌਰਾਨ ਪਾਕਿਸਤਾਨ ਏਅਰਪੋਰਟ ਅਥਾਰਿਟੀ (PAA) ਨੇ ਸਵੇਰੇ ਸਵਾ ਤਿੰਨ ਵਜੇ ਤੋਂ ਦੁਪਹਿਰ 12 ਵਜੇ ਤੱਕ ਲਈ ਆਪਣਾ ਹਵਾਈ ਖੇਤਰ ਹਰ ਤਰ੍ਹਾਂ ਦੀ ਹਵਾਈ ਆਵਾਜਾਈ ਲਈ ਬੰਦ ਕਰ ਦਿੱਤਾ ਹੈ। ਪੀਏਏ ਨੇ ਕਿਹਾ ਕਿ ਉਹ ਦੁਪਹਿਰ 12 ਵਜੇ ਅਪਡੇਟਸ ਸਾਂਝੇ ਕਰੇਗਾ।
ਭਾਰਤੀ ਹਥਿਆਰਬੰਦ ਬਲਾਂ ਵਲੋਂ ਬੁੱਧਵਾਰ ਨੂੰ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ (ਪੀਓਕੇ) ਵਿੱਚ ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਟੀਕ ਹਮਲੇ ਕੀਤੇ ਜਾਣ ਤੋਂ ਬਾਅਦ ਦੋਵਾਂ ਗੁਆਂਢੀਆਂ ਵਿਚਕਾਰ ਤਣਾਅ ਕਾਫ਼ੀ ਵੱਧ ਗਿਆ ਹੈ। ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਦੂਜੀ ਰਾਤ ਜੰਮੂ-ਕਸ਼ਮੀਰ ਤੋਂ ਗੁਜਰਾਤ ਤੱਕ ਭਾਰਤ ਦੇ 26 ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਡਰੋਨ ਹਮਲੇ ਕੀਤੇ। ਭਾਰਤੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਨੇ ਦੁਸ਼ਮਣ ਦੀਆਂ ਹਵਾਈ ਅੱਡਿਆਂ ਸਮੇਤ ਅਹਿਮ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ।
ਰੱਖਿਆ ਸੂਤਰਾਂ ਨੇ ਕਿਹਾ ਸੀ ਕਿ ਵੀਰਵਾਰ ਸ਼ਾਮ ਨੂੰ, ਭਾਰਤੀ ਹਵਾਈ ਰੱਖਿਆ ਇਕਾਈਆਂ ਨੇ ਜੰਮੂ ਦੇ ਸਰਹੱਦੀ ਖੇਤਰਾਂ ਵੱਲ ਪਾਕਿਸਤਾਨ ਦੁਆਰਾ ਦਾਗੀਆਂ ਗਈਆਂ ਘੱਟੋ-ਘੱਟ ਅੱਠ ਮਿਜ਼ਾਈਲਾਂ ਨੂੰ ਰੋਕ ਦਿੱਤਾ, ਜਿਸ ਵਿੱਚ ਰਣਨੀਤਕ ਤੌਰ ‘ਤੇ ਮਹੱਤਵਪੂਰਨ ਜੰਮੂ ਹਵਾਈ ਅੱਡਾ ਵੀ ਸ਼ਾਮਲ ਹੈ।