ਪਠਾਨਕੋਟ ਵਿਚ ਵੀ ਧਮਾਕੇ ਵਰਗੀਆਂ ਆਵਾਜ਼ਾਂ ਸੁਣੀਆਂ

ਪਠਾਨਕੋਟ ਵਿਚ ਵੀ ਧਮਾਕੇ ਵਰਗੀਆਂ ਆਵਾਜ਼ਾਂ ਸੁਣੀਆਂ

ਚੰਡੀਗੜ੍ਹ : ਭਾਰਤ ਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਫੌਜੀ ਟਕਰਾਅ ਦਰਮਿਆਨ ਸ਼ਨਿੱਚਰਵਾਰ ਸਵੇਰੇ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਵਿੱਚ ਧਮਾਕੇ ਵਰਗੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ। ਧਮਾਕੇ ਦੀ ਆਵਾਜ਼ ਸਵੇਰੇ 5 ਵਜੇ ਦੇ ਕਰੀਬ ਸੁਣੀ ਗਈ। ਹਾਲਾਂਕਿ ਇਸ ਸਬੰਧ ਵਿੱਚ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ।

ਅਧਿਕਾਰੀਆਂ ਨੇ ਸ਼ੁੱਕਰਵਾਰ ਰਾਤ ਨੂੰ ਪਠਾਨਕੋਟ ਵਿੱਚ ਬਲੈਕਆਊਟ ਲਾਗੂ ਕਰ ਦਿੱਤਾ ਅਤੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ। ਅਧਿਕਾਰੀਆਂ ਮੁਤਾਬਕ ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਸ਼ਾਮ ਨੂੰ ਪੰਜਾਬ ਦੇ ਫਿਰੋਜ਼ਪੁਰ, ਪਠਾਨਕੋਟ, ਫਾਜ਼ਿਲਕਾ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਪਾਕਿਸਤਾਨੀ ਡਰੋਨਾਂ ਦੁਆਰਾ ਕੀਤੇ ਗਏ ਕਈ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਫਿਰੋਜ਼ਪੁਰ ਵਿੱਚ ਸ਼ੁੱਕਰਵਾਰ ਰਾਤ ਨੂੰ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ ਜਦੋਂ ਹਵਾਈ ਰੱਖਿਆ ਪ੍ਰਣਾਲੀ ਦੁਆਰਾ ਨਸ਼ਟ ਕੀਤੇ ਗਏ ਪਾਕਿਸਤਾਨੀ ਡਰੋਨ ਦਾ ਪ੍ਰੋਜੈਕਟਾਈਲ ਖਾਈ ਫੇਮੇ ਕੇ ਪਿੰਡ ਵਿੱਚ ਉਨ੍ਹਾਂ ਦੇ ਘਰ ’ਤੇ ਡਿੱਗਿਆ। ਇਸ ਨਾਲ ਘਰ ਤੇ ਇੱਕ ਕਾਰ ਨੂੰ ਅੱਗ ਲੱਗ ਗਈ। ਪਹਿਲਗਾਮ ਦਹਿਸ਼ਤੀ ਹਮਲੇ ਦੇ ਜਵਾਬ ਵਿੱਚ ਭਾਰਤ ਵੱਲੋਂ 7 ਮਈ ਨੂੰ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿਚ ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਏ ਜਾਣ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਕਾਫ਼ੀ ਵੱਧ ਗਿਆ ਹੈ। ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਲਗਾਤਾਰ ਦੂਜੀ ਰਾਤ ਜੰਮੂ ਅਤੇ ਕਸ਼ਮੀਰ ਤੋਂ ਗੁਜਰਾਤ ਤੱਕ ਭਾਰਤ ਦੇ 26 ਟਿਕਾਣਿਆਂ ’ਤੇ ਡਰੋਨ ਤੇ ਮਿਜ਼ਾਈਲ ਹਮਲੇ ਕੀਤੇ।

Share: