1947 ਤੋਂ ਚੱਲ ਰਿਹੈ ਭਾਰਤ-ਪਾਕਿ ਫ਼ੌਜਾਂ ਵਿਚਾਲੇ ਟਕਰਾਅ

ਨਵੀਂ ਦਿੱਲੀ : ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਨੌਂ ਅਤਿਵਾਦੀ ਟਿਕਾਣਿਆਂ ’ਤੇ ਮਿਜ਼ਾਈਲ ਹਮਲੇ ਕੀਤੇ। ਇਹ ਹਮਲਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਫੌਜੀ ਤਣਾਅ ਵਿੱਚ ਇੱਕ ਹੋਰ ਅਧਿਆਇ ਜੁੜ ਗਿਆ ਹੈ। ‘ਅਪਰੇਸ਼ਨ ਸਿੰਧੂਰ’ ਦੇ ਨਾਮ ਹੇਠ ਕੀਤੇ ਗਏ ਇਹ ਮਿਜ਼ਾਈਲ ਹਮਲੇ ਦੋਵੇਂ ਦੇਸ਼ਾਂ ਦਰਮਿਆਨ ਹੋਈਆਂ ਵੱਖ-ਵੱਖ ਕਾਰਵਾਈਆਂ ’ਚੋਂ ਸਭ ਤੋਂ ਤਾਜ਼ਾ ਕਾਰਵਾਈ ਹੈ।

1947 ਤੋਂ ਲੈ ਕੇ ਹੁਣ ਤੱਕ ਭਾਰਤ ਤੇ ਪਾਕਿਸਤਾਨ ਦੇ ਹਥਿਆਰਬੰਦ ਬਲਾਂ ਦਰਮਿਆਨ ਹੋਏ ਟਕਰਾਵਾਂ ਦਾ ਵੇਰਵਾ

1947 (ਪਹਿਲੀ ਭਾਰਤ-ਪਾਕਿ ਜੰਗ): ਇਹ ਜੰਗ ਜਿਸ ਨੂੰ ਪਹਿਲੀ ਕਸ਼ਮੀਰ ਜੰਗ ਵੀ ਕਿਹਾ ਜਾਂਦਾ ਹੈ, ਨਵੇਂ ਆਜ਼ਾਦ ਮੁਲਕਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਉਸ ਸਮੇਂ ਦੀ ਰਿਆਸਤ ਜੰਮੂ ਕਸ਼ਮੀਰ ਨੂੰ ਲੈ ਕੇ ਸ਼ੁਰੂ ਹੋਈ ਸੀ। ਇਹ ਜੰਗ ਅਕਤੂਬਰ 1947 ਵਿੱਚ ਸ਼ੁਰੂ ਹੋਈ ਸੀ ਜਦੋਂ ਪਾਕਿਸਤਾਨ-ਹਮਾਇਤੀ ਕਬਾਇਲੀ ਮਿਲੀਸ਼ੀਆ ਨੇ ਰਿਆਸਤ ’ਤੇ ਹਮਲਾ ਕੀਤਾ ਸੀ। ਜਵਾਬ ਵਿੱਚ, ਮਹਾਰਾਜਾ ਹਰੀ ਸਿੰਘ ਵੱਲੋਂ ਜੰਮੂ ਕਸ਼ਮੀਰ ਦੇ ਭਾਰਤੀ ਸੰਘ ਵਿੱਚ ਸ਼ਾਮਲ ਹੋਣ ਤੋਂ ਬਾਅਦ ਭਾਰਤ ਨੇ ਇਸ ਖੇਤਰ ਦੀ ਰੱਖਿਆ ਲਈ ਆਪਣੀਆਂ ਫੌਜਾਂ ਭੇਜੀਆਂ, ਜਿਸ ਨਾਲ ਦੋਹਾਂ ਦੇਸ਼ਾਂ ਵਿਚਾਲੇ ਟਕਰਾਅ ਹੋਇਆ। ਇਹ ਟਕਰਾਅ ਜਨਵਰੀ 1949 ਤੱਕ ਜਾਰੀ ਰਿਹਾ, ਜਦੋਂ ਸੰਯੁਕਤ ਰਾਸ਼ਟਰ ਦੀ ਵਿਚੋਲਗੀ ਨਾਲ ਜੰਗਬੰਦੀ ਲਾਗੂ ਕੀਤੀ ਗਈ। ਇਸ ਦੇ ਨਤੀਜੇ ਵਜੋਂ ਕੰਟਰੋਲ ਰੇਖਾ ਦੇ ਨਾਲ ਭਾਰਤ ਤੇ ਪਾਕਿਸਤਾਨ ਵਿਚਾਲੇ ਕਸ਼ਮੀਰ ਦੀ ਵੰਡ ਹੋਈ।

1971 (ਬੰਗਲਾਦੇਸ਼ ਮੁਕਤੀ ਜੰਗ): 1971 ਦੀ ਭਾਰਤ-ਪਾਕਿਸਤਾਨ ਜੰਗ ਪਾਕਿਸਤਾਨੀ ਫੌਜ ਵੱਲੋਂ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ’ਤੇ ਕਾਰਵਾਈ ਅਤੇ ਆਜ਼ਾਦੀ ਦੀ ਮੰਗ ਕਾਰਨ ਸ਼ੁਰੂ ਹੋਈ ਸੀ। ਭਾਰਤ ਬੰਗਲਾਦੇਸ਼ੀ ਆਜ਼ਾਦੀ ਅੰਦੋਲਨ ਦੇ ਸਮਰਥਨ ਵਿੱਚ ਜੰਗ ਵਿੱਚ ਸ਼ਾਮਲ ਹੋਇਆ ਅਤੇ ਪੂਰਬੀ ਤੇ ਪੱਛਮੀ ਦੋਹਾਂ ਮੋਰਚਿਆਂ ’ਤੇ ਤਿੱਖੀ ਲੜਾਈ ਤੋਂ ਬਾਅਦ, ਪਾਕਿਸਤਾਨ ਦੀਆਂ ਫੌਜਾਂ ਨੇ 16 ਦਸੰਬਰ, 1971 ਨੂੰ ਆਤਮ-ਸਮਰਪਣ ਕਰ ਦਿੱਤਾ। ਇਸ ਜੰਗ ਨੇ ਬੰਗਲਾਦੇਸ਼ ਨੂੰ ਇੱਕ ਸੁਤੰਤਰ ਰਾਸ਼ਟਰ ਵਜੋਂ ਸਿਰਜਿਆ।

1999 (ਕਾਰਗਿਲ ਜੰਗ): 1999 ਦੀ ਕਾਰਗਿਲ ਜੰਗ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੱਡਾ ਟਕਰਾਅ ਸੀ, ਜੋ ਕਿ ਮਈ ਤੋਂ ਜੁਲਾਈ ਤੱਕ ਪਾਕਿਸਤਾਨੀ ਫੌਜਾਂ ਅਤੇ ਅਤਿਵਾਦੀਆਂ ਵੱਲੋਂ ਜੰਮੂ ਕਸ਼ਮੀਰ ਦੇ ਕਾਰਗਿਲ ਸੈਕਟਰ ਵਿੱਚ ਚੋਟੀਆਂ ’ਤੇ ਕਬਜ਼ਾ ਕੀਤੇ ਜਾਣ ਕਰ ਕੇ ਸ਼ੁਰੂ ਹੋਇਆ ਸੀ। ਭਾਰਤ ਨੇ ਹਵਾਈ ਸੈਨਾ ਦੀ ਮਦਦ ਨਾਲ ਸਬੰਧਤ ਖੇਤਰ ਨੂੰ ਮੁੜ ਪ੍ਰਾਪਤ ਕਰਨ ਲਈ ‘ਆਪ੍ਰੇਸ਼ਨ ਵਿਜੈ’ ਸ਼ੁਰੂ ਕੀਤਾ। ਇਸ ਦੌਰਾਨ ਹਵਾਈ ਸੈਨਾ ਨੇ ‘ਆਪ੍ਰੇਸ਼ਨ ਸਫੈਦ ਸਾਗਰ’ ਚਲਾਇਆ। ਇਹ ਜੰਗ 26 ਜੁਲਾਈ ਨੂੰ ਭਾਰਤ ਵੱਲੋਂ ਮੁੜ ਤੋਂ ਕੰਟਰੋਲ ਹਾਸਲ ਕੀਤੇ ਜਾਣ ’ਤੇ ਖਤਮ ਹੋਈ। ਇਸ ਦਿਨ ਨੂੰ ਹੁਣ ‘ਕਾਰਗਿਲ ਵਿਜੈ ਦਿਵਸ’ ਵਜੋਂ ਮਨਾਇਆ ਜਾਂਦਾ ਹੈ।

2016 (ਉੜੀ ਹਮਲਾ): 18 ਸਤੰਬਰ, 2016 ਨੂੰ ਜੰਮੂ-ਕਸ਼ਮੀਰ ਦੇ ਉੜੀ ਖੇਤਰ ਵਿੱਚ ਭਾਰਤੀ ਫੌਜ ਦੇ ਟਿਕਾਣੇ ’ਤੇ ਅਤਿਵਾਦੀ ਹਮਲਾ ਹੋਇਆ, ਜਿਸ ਵਿੱਚ 19 ਫੌਜੀ ਸ਼ਹੀਦ ਹੋ ਗਏ। ਮਗਰੋਂ ਭਾਰਤ ਨੇ 28-29 ਸਤੰਬਰ ਨੂੰ ਕੰਟਰੋਲ ਰੇਖਾ ਪਾਰ ਜਾ ਕੇ ਇੱਕ ਸਰਜੀਕਲ ਸਟਰਾਈਕ ਕੀਤੀ। ਭਾਰਤੀ ਫੌਜ ਨੇ ਮਕਬੂਜ਼ਾ ਕਸਮੀਰ ਵਿੱਚ ਕਈ ਅਤਿਵਾਦੀ ਲਾਂਚ ਪੈਡਾਂ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਘੁਸਪੈਠ ਦੀ ਤਿਆਰੀ ਕਰ ਰਹੇ ਅਤਿਵਾਦੀਆਂ ਦਾ ਕਾਫ਼ੀ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਦਾਅਵਾ ਕੀਤਾ ਗਿਆ।

2019 (ਪੁਲਵਾਮਾ ਹਮਲਾ): 26 ਫਰਵਰੀ, 2019 ਨੂੰ, ਭਾਰਤੀ ਹਵਾਈ ਫੌਜ ਨੇ ਪੁਲਵਾਮਾ ਅਤਿਵਾਦੀ ਹਮਲੇ ਦਾ ਬਦਲਾ ਲਿਆ। ਪੁਲਵਾਮਾ ਹਮਲੇ ਵਿੱਚ ਸੀਆਰਪੀਐੱਫ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਦੇ ਜਵਾਬ ਵਿੱਚ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਦੇ ਬਾਲਾਕੋਟ ਵਿੱਚ ਜੈਸ਼-ਏ-ਮੁਹੰਮਦ (ਜੇਈਐੱਮ) ਦੇ ਅਤਿਵਾਦੀ ਸਿਖਲਾਈ ਕੈਂਪ ’ਤੇ ਹਵਾਈ ਹਮਲੇ ਕੀਤੇ। ਜੰਗੀ ਜਹਾਜ਼ਾਂ ਦੀ ਵਰਤੋਂ ਕਰਦੇ ਹੋਏ ਭਾਰਤ ਨੇ ਪਾਕਿਸਤਾਨੀ ਖੇਤਰ ਅੰਦਰ ਜਾ ਕੇ ਕੈਂਪ ਨੂੰ ਨਿਸ਼ਾਨਾ ਬਣਾਇਆ ਜੋ ਕਿ 1971 ਦੀ ਜੰਗ ਤੋਂ ਬਾਅਦ ਪਹਿਲਾ ਅਜਿਹਾ ਹਵਾਈ ਹਮਲਾ ਸੀ।

1965 (ਦੂਜੀ ਭਾਰਤ-ਪਾਕਿ ਜੰਗ)’ਚ ਕਸ਼ਮੀਰ ਕਾਰਨ ਟਕਰਾਅ

5 ਅਗਸਤ, 1965 ਨੂੰ ਕਸ਼ਮੀਰ ਨੂੰ ਲੈ ਕੇ ਹਥਿਆਰਬੰਦ ਟਕਰਾਅ ਸ਼ੁਰੂ ਹੋਇਆ। ਇਹ ਉਦੋਂ ਸ਼ੁਰੂ ਹੋਇਆ ਜਦੋਂ ਹਜ਼ਾਰਾਂ ਪਾਕਿਸਤਾਨੀ ਸੈਨਿਕ ਸਥਾਨਕ ਵਿਦਰੋਹੀਆਂ ਦੇ ਭੇਸ ਵਿੱਚ ਜੰਮੂ ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਪਾਰ ਭਾਰਤੀ ਖੇਤਰ ਵਿੱਚ ਘੁਸਪੈਠ ਕਰ ਗਏ। ਗੁਪਤ ਕਾਰਵਾਈ ਜਿਸ ਨੂੰ ‘ਆਪ੍ਰੇਸ਼ਨ ਜਿਬਰਾਲਟਰ’ ਵਜੋਂ ਜਾਣਿਆ ਜਾਂਦਾ ਹੈ, ਦਾ ਮੰਤਵ ਖੇਤਰ ਨੂੰ ਅਸਥਿਰ ਕਰਨਾ ਅਤੇ ਸਥਾਨਕ ਵਿਦਰੋਹਾਂ ਨੂੰ ਭੜਕਾਉਣਾ ਸੀ। ਭਾਰਤ ਨੇ ਜਵਾਬੀ ਕਾਰਵਾਈ ਕਰਦਿਆਂ ਇੱਕ ਫੌਜੀ ਜਵਾਬੀ ਹਮਲਾ ਸ਼ੁਰੂ ਕੀਤਾ, ਜੋ ਕਿ ਕੌਮਾਂਤਰੀ ਸਰਹੱਦ ’ਤੇ ਪੂਰੀ ਵੱਡੀ ਲੜਾਈ ਵਿੱਚ ਬਦਲ ਗਿਆ। ਇਹ ਜੰਗ 23 ਸਤੰਬਰ, 1965 ਤੱਕ ਜਾਰੀ ਰਹੀ, ਜਦੋਂ ਦੋਵੇਂ ਧਿਰਾਂ ਸੋਵੀਅਤ ਯੂਨੀਅਨ ਅਤੇ ਅਮਰੀਕਾ ਦੀ ਵਿਚੋਲਗੀ ਨਾਲ ਜੰਗਬੰਦੀ ਲਈ ਸਹਿਮਤ ਹੋ ਗਈਆਂ।

Share: