ਭਾਰਤੀ ਫ਼ੌਜ ਨੇ ਨਪੀ-ਤੁਲੀ ਕਾਰਵਾਈ ਕੀਤੀ: ਮਿਸਰੀ

ਭਾਰਤੀ ਫ਼ੌਜ ਨੇ ਨਪੀ-ਤੁਲੀ ਕਾਰਵਾਈ ਕੀਤੀ: ਮਿਸਰੀ

ਨਵੀਂ ਦਿੱਲੀ : ਪਹਿਲਗਾਮ ਹਮਲੇ ਦੇ ਜਵਾਬ ’ਚ ਕੀਤੀ ਗਈ ਕਾਰਵਾਈ ਦੇ ਕੁਝ ਘੰਟਿਆਂ ਬਾਅਦ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਭਾਰਤੀ ਫੌਜ ਨੇ ਪਾਕਿਸਤਾਨ ’ਚ ਦਹਿਸ਼ਤੀ ਢਾਂਚੇ ਨੂੰ ਤਬਾਹ ਕਰਨ ਅਤੇ ਭਵਿੱਖ ’ਚ ਅਜਿਹੇ ਕਿਸੇ ਹਮਲੇ ਨੂੰ ਰੋਕਣ ਲਈ ‘ਨਪੀ-ਤੁਲੀ, ਟਕਰਾਅ ਨੂੰ ਨਾ ਵਧਾਉਣ ਵਾਲੀ, ਸੰਤੁਲਿਤ ਅਤੇ ਜ਼ਿੰਮੇਵਾਰਾਨਾ’ ਕਾਰਵਾਈ ਕੀਤੀ ਹੈ। ਮਿਸਰੀ ਨੇ ਇਥੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ 22 ਅਪਰੈਲ ਨੂੰ ਪਹਿਲਗਾਮ ਦਹਿਸ਼ਤੀ ਹਮਲਿਆਂ ਨੂੰ ਅੰਜਾਮ ਦੇਣ ਵਾਲੇ ਦਹਿਸ਼ਤੀਆਂ ਅਤੇ ਉਸ ਦੇ ਸਾਜ਼ਿਸ਼ਘਾੜਿਆਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਉਣਾ ਜ਼ਰੂਰੀ ਮੰਨਿਆ ਜਾ ਰਿਹਾ ਸੀ ਕਿਉਂਕਿ ਹਮਲੇ ਦੇ 15 ਦਿਨਾਂ ਬਾਅਦ ਵੀ ਪਾਕਿਸਤਾਨ ਨੇ ਆਪਣੀ ਜ਼ਮੀਨ ਅਤੇ ਕੰਟਰੋਲ ਵਾਲੇ ਖੇਤਰ ’ਚ ਦਹਿਸ਼ਤੀ ਢਾਂਚੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਸੀ। ਮਿਸਰੀ ਨੇ ਕਿਹਾ, ‘‘ਪਾਕਿਸਤਾਨ ਆਧਾਰਿਤ ਦਹਿਸ਼ਤੀ ਜਥੇਬੰਦੀਆਂ ’ਤੇ ਨਜ਼ਰ ਰੱਖ ਰਹੀਆਂ ਸਾਡੀ ਖ਼ੁਫ਼ੀਆ ਏਜੰਸੀਆਂ ਨੇ ਸੰਕੇਤ ਦਿੱਤਾ ਕਿ ਭਾਰਤ ਖ਼ਿਲਾਫ਼ ਹੋਰ ਹਮਲਿਆਂ ਦਾ ਖ਼ਦਸ਼ਾ ਹੈ ਅਤੇ ਉਸ ਨੂੰ ਰੋਕਣ ਲਈ ਕਾਰਵਾਈ ਜ਼ਰੂਰੀ ਸੀ।’’ ਉਨ੍ਹਾਂ ਨਾਲ ਕਰਨਲ ਸੋਫ਼ੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਯੋਮਿਕਾ ਸਿੰਘ ਨੇ ਵੀ ਮੀਡੀਆ ਨੂੰ ਸੰਬੋਧਨ ਕੀਤਾ। ਮਿਸਰੀ ਨੇ ਕਿਹਾ ਕਿ ਪਹਿਲਗਾਮ ਹਮਲਾ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਟੱਪ ਗਿਆ ਸੀ। ਉਨ੍ਹਾਂ ਕਿਹਾ, ‘‘ਇਹ ਹਮਲਾ ਸਿਰਫ਼ ਬੇਦੋਸ਼ੇ ਨਾਗਰਿਕਾਂ ’ਤੇ ਨਹੀਂ ਸਗੋਂ ਜੰਮੂ ਕਸ਼ਮੀਰ ਦੀ ਸ਼ਾਂਤੀ ਅਤੇ ਵਿਕਾਸ ਅਮਲ ’ਤੇ ਸਿੱਧਾ ਹਮਲਾ ਸੀ।’’

Share: