ਬੀਜਾਪੁਰ : ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਤਿਲੰਗਾਨਾ ਦੀ ਸਰਹੱਦ ਨਾਲ ਲੱਗਦੇ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਜੰਗਲਾਂ ਵਿੱਚ ਬੁੱਧਵਾਰ ਨੂੰ ‘ਅਪਰੇਸ਼ਨ ਸੰਕਲਪ’ ਦੌਰਾਨ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ 22 ਨਕਸਲੀ ਮਾਰੇ ਗਏ। ‘ਅਪਰੇਸ਼ਨ ਸੰਕਲਪ’ ਇੱਕ ਵਿਸ਼ਾਲ ਅੱਤਵਾਦ ਵਿਰੋਧੀ ਪਹਿਲਕਦਮੀ ਹੈ, ਜਿਸ ਤਹਿਤ ਮਾਓਵਾਦੀਆਂ ਖ਼ਿਲਾਫ਼ ਜ਼ੋਰਦਾਰ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਮੁਕਾਬਲਾ ਸਵੇਰੇ ਅੰਤਰਰਾਜੀ ਸਰਹੱਦ ਦੇ ਨਾਲ ਲੱਗਦੀਆਂ ਕਰੇਗੁਟਾ ਪਹਾੜੀਆਂ ਦੇ ਜੰਗਲ ਵਿੱਚ ਹੋਇਆ। ਉਨ੍ਹਾਂ ਕਿਹਾ, “ਹੁਣ ਤੱਕ 22 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਖੇਤਰ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ।” ਉਨ੍ਹਾਂ ਕਿਹਾ ਕਿ ਮਾਰੇ ਗਏ ਨਕਸਲੀਆਂ ਦੀ ਪਛਾਣ ਅਜੇ ਸਥਾਪਤ ਨਹੀਂ ਹੋ ਸਕੀ ਹੈ।
ਤਾਜ਼ਾ ਮੁਕਾਬਲੇ ਦੇ ਨਾਲ 21 ਅਪਰੈਲ ਤੋਂ ਜਾਰੀ ਅਪ੍ਰੇਸ਼ਨ ਸੰਕਲਪ ਦੌਰਾਨ ਮਾਰੇ ਗਏ ਨਕਸਲੀਆਂ ਦੀ ਗਿਣਤੀ ਵਧ ਕੇ 26 ਹੋ ਗਈ ਹੈ।