ਕੋਚੀ : ਕਸ਼ਮੀਰ ਦੇ ਪਹਿਲਗਾਮ ਵਿੱਚ ਦਹਿਸ਼ਤੀ ਹਮਲੇ ’ਚ ਮਾਰੇ ਗਏ ਐੱਨ. ਰਾਮਚੰਦਰਨ ਦੀ ਧੀ ਆਰਤੀ ਨੇ ਬੁੱਧਵਾਰ ਨੂੰ ਭਾਰਤੀ ਫੌਜ ਦੇ ‘ਆਪ੍ਰੇਸ਼ਨ ਸਿੰਦੂਰ’ ਦਾ ਸਵਾਗਤ ਕਰਦਿਆਂ ਉਮੀਦ ਪ੍ਰਗਟਾਈ ਕਿ ਇਸ ਨਾਲ ਉਨ੍ਹਾਂ ਦੇ ਸਾਹਮਣੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਕੁਝ ਰਾਹਤ ਮਿਲੇਗੀ। ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤੀ ਫੌਜ ਅਤੇ ਕੇਂਦਰ ਸਰਕਾਰ ਨੂੰ ਪਾਕਿਸਤਾਨ ਅਤੇ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਦਹਿਸ਼ਤੀ ਕੈਂਪਾਂ ’ਤੇ ਮਿਜ਼ਾਈਲ ਹਮਲਿਆਂ ਲਈ ‘ਵੱਡੀ ਸਲਾਮੀ’ ਵੀ ਦਿੱਤੀ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਰਤੀ ਨੇ ਕਿਹਾ ਕਿ ‘ਆਪ੍ਰੇਸ਼ਨ ਸਿੰਦੂਰ’ ਇਸ ਹਮਲੇ ਲਈ ਬਿਲਕੁਲ ਢੁਕਵਾਂ ਸਿਰਲੇਖ ਹੈ। ਉਸ ਨੇ ਕਿਹਾ ਕਿ ਇਸ ਤੋਂ ਇਲਾਵਾ ਉਸ ਅਤਿਵਾਦ ਦਾ ਕੋਈ ਢੁਕਵਾਂ ਜਵਾਬ ਨਹੀਂ ਹੋ ਸਕਦਾ ਸੀ ਜਿਸ ਨੇ ਸਾਡੇ ਸਾਹਮਣੇ ਸਾਡੇ ਪਿਤਾ, ਭਰਾ ਜਾਂ ਪਤੀਆਂ ਨੂੰ ਮਾਰ ਦਿੱਤਾ ਸੀ। ਆਰਤੀ ਨੇ ਇਹ ਵੀ ਕਿਹਾ ਕਿ ਉਹ ਅਤੇ ਉਸ ਦਾ ਪਰਿਵਾਰ ਫੌਜ ਲਈ ਪ੍ਰਾਰਥਨਾ ਕਰ ਰਹੇ ਹਨ। ਆਰਤੀ ਨੇ ਕਿਹਾ, ‘‘ਸਾਰੇ ਭਾਰਤੀਆਂ ਨੂੰ ਇਸ ਆਪ੍ਰੇਸ਼ਨ ਨਾਲ ਇੱਕ ਆਰਾਮ ਮਿਲਿਆ ਹੈ। ਆਪ੍ਰੇਸ਼ਨ ਸਿੰਦੂਰ ਹਿਮਾਂਸ਼ੀ (ਨਰਵਾਲ) ਸਮੇਤ ਸਾਰੇ ਪੀੜਤਾਂ ਦੇ ਪਰਿਵਾਰਾਂ ਲਈ ਕੁਝ ਆਰਾਮ ਅਤੇ ਰਾਹਤ ਲਿਆਵੇ।’’ ਹਿਮਾਂਸ਼ੀ ਦਾ ਪਤੀ (ਲੈਫਟੀਨੈਂਟ ਵਿਨੈ ਨਰਵਾਲ) ਦਹਿਸ਼ਤੀ ਹਮਲੇ ਵਿੱਚ ਮਾਰੇ ਗਏ ਲੋਕਾਂ ਵਿੱਚੋਂ ਇੱਕ ਸੀ। ਪਤੀ ਦੀ ਬੇਜਾਨ ਲਾਸ਼ ਕੋਲ ਬੈਠੀ ਉਸ ਦੀ ਤਸਵੀਰ ਇਸ ਘਾਤਕ ਘਟਨਾ ਦੀ ਪਰਿਭਾਸ਼ਤ ਤਸਵੀਰ ਬਣ ਗਈ ਸੀ।