ਨਵੀਂ ਦਿੱਲੀ/ਮੁੰਬਈ : ਟੋਰਾਂਟੋ ਤੋਂ 2 ਮਈ ਨੂੰ ਕੌਮੀ ਰਾਜਧਾਨੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ਨੂੰ ਪਖਾਨੇ ਬੰਦ ਹੋਣ ਕਾਰਨ ਫਰੈਂਕਫਰਟ ਵੱਲ ਮੋੜਨਾ ਪਿਆ। ਸੰਪਰਕ ਕਰਨ ’ਤੇ ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਤਕਨੀਕੀ ਨੁਕਸ ਕਾਰਨ ਜਹਾਜ਼ ਦਾ ਰਸਤਾ ਮੋੜਿਆ ਗਿਆ ਸੀ। ਏਅਰਲਾਈਨ ਦੇ ਸੂਤਰਾਂ ਨੇ ਦੱਸਿਆ ਕਿ ਜਹਾਜ਼ ਏਆਈ188 ਨੂੰ ਫਰੈਂਕਫਰਟ ਵੱਲ ਮੋੜਨਾ ਪਿਆ ਕਿਉਂਕਿ ਕੁਝ ਪਖ਼ਾਨੇ ਵਰਤੋਂ ਯੋਗ ਨਹੀਂ ਰਹੇ ਸਨ। ਇਹ ਪਿਛਲੇ ਦੋ ਮਹੀਨਿਆਂ ਵਿੱਚ ਅਜਿਹੀ ਦੂਜੀ ਘਟਨਾ ਹੈ। ਸੂਤਰ ਨੇ ਦੱਸਿਆ ਕਿ ਪੁਰਾਣੇ ਜਹਾਜ਼ਾਂ ਅਤੇ ਯਾਤਰੀਆਂ ਦੇ ਵਿਵਹਾਰ ਕਾਰਨ ਏਅਰ ਇੰਡੀਆ ਦੇ ਜਹਾਜ਼ਾਂ ਨੂੰ ਲੰਬੀ ਦੂਰੀ ਦੇ ਰੂਟਾਂ ’ਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏਅਰਲਾਈਨ ਨੇ ਬਿਆਨ ਵਿੱਚ ਕਿਹਾ, ‘‘ਜਹਾਜ਼ ਵਿੱਚ 12 ਵਿੱਚੋਂ ਅੱਠ ਪਖ਼ਾਨੇ ਵਰਤੋਂ ਯੋਗ ਨਹੀਂ ਰਹੇ, ਜਿਸ ਕਾਰਨ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀਆਂ ਨੂੰ ਪ੍ਰੇਸ਼ਾਨੀ ਹੋਈ।’’ ਇਸ ਦੌਰਾਨ ਏਅਰ ਇੰਡੀਆ ਨੇ ਤਲ ਅਵੀਵ ਆਉਣ-ਜਾਣ ਵਾਲੀਆਂ ਉਡਾਣਾਂ ਦੀ ਮੁਅੱਤਲੀ 8 ਮਈ ਤੱਕ ਵਧਾ ਦਿੱਤੀ ਹੈ।
ਬੈਂਕਾਕ ਤੋਂ ਮਾਸਕੋ ਜਾ ਰਹੇ ਜਹਾਜ਼ ਦੀ ਦਿੱਲੀ ਵਿੱਚ ਐਮਰਜੈਂਸੀ ਲੈਂਡਿੰਗ
ਨਵੀਂ ਦਿੱਲੀ: ਬੈਂਕਾਕ ਤੋਂ 400 ਤੋਂ ਵੱਧ ਲੋਕਾਂ ਨੂੰ ਲੈ ਕੇ ਮਾਸਕੋ ਜਾ ਰਹੇ ਏਅਰੋਫਲੋਟ ਦੇ ਇੱਕ ਜਹਾਜ਼ ਦੀ ਅੱਜ ਦਿੱਲੀ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ। ਸੂਤਰ ਨੇ ਦੱਸਿਆ ਕਿ ਜਹਾਜ਼ ਨੰਬਰ ਐੱਸਯੂ273 ਨੂੰ ਕੈਬਿਨ ਵਿੱਚੋਂ ਧੂੰਆਂ ਨਿਕਲਣ ਦੇ ਸ਼ੱਕ ਮਗਰੋਂ ਦਿੱਲੀ ਵੱਲ ਮੋੜਨਾ ਪਿਆ। ਰੂਸੀ ਏਅਰਲਾਈਨ ਏਅਰੋਫਲੋਟ ਨਾਲ ਹਾਲੇ ਸੰਪਰਕ ਨਹੀਂ ਹੋ ਸਕਿਆ। ਸੂਤਰ ਨੇ ਦੱਸਿਆ ਕਿ ਜਹਾਜ਼ ਦੀ ਦੁਪਹਿਰ ਬਾਅਦ 3.50 ਵਜੇ ਦੇ ਕਰੀਬ ਐਮਰਜੈਂਸੀ ਲੈਂਡਿੰਗ ਕੀਤੀ ਗਈ। ਜਹਾਜ਼ ਵਿੱਚ 400 ਤੋਂ ਵੱਧ ਲੋਕ ਸਵਾਰ ਸਨ।