ਇਜ਼ਰਾਈਲ ਨੇ ਸਮੁੱਚੇ ਗਾਜ਼ਾ ’ਤੇ ਕਬਜ਼ੇ ਦੀ ਨਵੀਂ ਯੋਜਨਾ ਬਣਾਈ

ਇਜ਼ਰਾਈਲ ਨੇ ਸਮੁੱਚੇ ਗਾਜ਼ਾ ’ਤੇ ਕਬਜ਼ੇ ਦੀ ਨਵੀਂ ਯੋਜਨਾ ਬਣਾਈ

ਤਲ ਅਵੀਵ : ਇਜ਼ਰਾਈਲ ਨੇ ਪੂਰੀ ਗਾਜ਼ਾ ਪੱਟੀ ’ਤੇ ਕਬਜ਼ਾ ਕਰਨ ਅਤੇ ਅਣਮਿੱਥੇ ਸਮੇਂ ਲਈ ਉੱਥੇ ਟਿਕੇ ਰਹਿਣ ਦੀ ਯੋਜਨਾ ਨੂੰ ਅੱਜ ਮਨਜ਼ੂਰੀ ਦੇ ਦਿੱਤੀ ਹੈ। ਦੋ ਇਜ਼ਰਾਇਲੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜੇ ਇਹ ਯੋਜਨਾ ਲਾਗੂ ਹੋ ਜਾਂਦੀ ਹੈ ਤਾਂ ਫਲਸਤੀਨੀ ਖੇਤਰ ਵਿੱਚ ਇਜ਼ਰਾਈਲ ਦੀ ਮੁਹਿੰਮ ਦਾ ਵਿਸਥਾਰ ਹੋਵੇਗਾ ਅਤੇ ਇਸ ਦਾ ਕੌਮਾਂਤਰੀ ਪੱਧਰ ’ਤੇ ਵਿਰੋਧ ਹੋ ਸਕਦਾ ਹੈ। ਇਜ਼ਰਾਈਲ ਦੇ ਕੈਬਨਿਟ ਮੰਤਰੀਆਂ ਨੇ ਅੱਜ ਸਵੇਰੇ ਹੋਈ ਵੋਟਿੰਗ ਵਿੱਚ ਯੋਜਨਾ ਨੂੰ ਮਨਜ਼ੂਰੀ ਦਿੱਤੀ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਇਜ਼ਰਾਇਲੀ ਫੌਜ ਮੁਖੀ ਨੇ ਕਿਹਾ ਸੀ ਕਿ ਹਜ਼ਾਰਾਂ ਸੈਨਿਕਾਂ ਨੂੰ ਤਿਆਰ ਰਹਿਣ ਲਈ ਆਖਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਨਵੀਂ ਯੋਜਨਾ ਦਾ ਉਦੇਸ਼ ਹਮਾਸ ਨੂੰ ਹਰਾਉਣਾ ਅਤੇ ਗਾਜ਼ਾ ਵਿੱਚ ਬੰਦੀ ਬਣਾਏ ਗਏ ਲੋਕਾਂ ਨੂੰ ਰਿਹਾਅ ਕਰਾਉਣਾ ਹੈ। ਇਹ ਯੋਜਨਾ ਹਜ਼ਾਰਾਂ ਫਲਸਤੀਨੀਆਂ ਨੂੰ ਦੱਖਣੀ ਗਾਜ਼ਾ ਵੱਲ ਧੱਕਣ ਲਈ ਮਜਬੂਰ ਕਰ ਸਕਦੀ ਹੈ ਜਿਸ ਨਾਲ ਮੌਜੂਦਾ ਮਾਨਵੀ ਸੰਕਟ ਹੋਰ ਡੂੰਘਾ ਹੋ ਸਕਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਗਾਜ਼ਾ ਨੂੰ ਆਪਣੇ ਨਾਲ ਜੋੜਨ ਅਤੇ ਉਥੇ ਲੋਕਾਂ ਨੂੰ ਵਸਾਉਣ ਦੀ ਯੋਜਨਾ ਨੂੰ ਲੈ ਕੇ ਇਜ਼ਰਾਈਲ ਕਈ ਮੁਲਕਾਂ ਦੇ ਸੰਪਰਕ ਵਿੱਚ ਹੈ। ਉਂਜ ਯੂਰਪ ਅਤੇ ਅਰਬ ਮੁਲਕਾਂ ਨੇ ਇਸ ਯੋਜਨਾ ਦੀ ਨਿੰਦਾ ਕੀਤੀ ਹੈ। ਦੋਵੇਂ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਇਹ ਯੋਜਨਾ ਹੌਲੀ-ਹੌਲੀ ਲਾਗੂ ਕੀਤੀ ਜਾਵੇਗੀ। ਖ਼ਬਰ ਏਜੰਸੀ ਮੁਤਾਬਕ ਇਜ਼ਰਾਈਲ ਨੇ ਸੰਯੁਕਤ ਰਾਸ਼ਟਰ ਨੂੰ ਦੱਸਿਆ ਹੈ ਕਿ ਉਹ ਗਾਜ਼ਾ ਵਿੱਚ ਸਹਾਇਤਾ ਸਪਲਾਈ ਨੂੰ ਕੰਟਰੋਲ ਕਰਨ ਲਈ ਨਿੱਜੀ ਸੁਰੱਖਿਆ ਕੰਪਨੀਆਂ ਦੀ ਵਰਤੋਂ ਕਰੇਗਾ।

Share: