ਭਾਰਤ ਤੇ ਪਾਕਿਸਤਾਨ ਸੰਜਮ ਨਾਲ ਕੰਮ ਲੈਣ, ਫੌਜੀ ਟਕਰਾਅ ਮਸਲੇ ਦਾ ਹੱਲ ਨਹੀਂ: ਗੁਟੇਰੇਜ਼

ਭਾਰਤ ਤੇ ਪਾਕਿਸਤਾਨ ਸੰਜਮ ਨਾਲ ਕੰਮ ਲੈਣ, ਫੌਜੀ ਟਕਰਾਅ ਮਸਲੇ ਦਾ ਹੱਲ ਨਹੀਂ: ਗੁਟੇਰੇਜ਼

ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਜ਼ ਨੇ ਪਹਿਲਗਾਮ ਦਹਿਸ਼ਤੀ ਹਮਲੇ ਦੇ ਹਵਾਲੇ ਨਾਲ ਭਾਰਤ ਤੇ ਪਾਕਿਸਤਾਨ ਵਿਚ ਵਧਦੇ ਫੌਜੀ ਟਕਰਾਅ ’ਤੇ ਫ਼ਿਕਰ ਜਤਾਇਆ ਹੈ। ਯੂਐੱਨ ਮੁਖੀ ਨੇ ਦੋਵਾਂ ਗੁਆਂਢੀ ਮੁਲਕਾਂ ਨੂੰ ‘ਸੰਜਮ ਨਾਲ ਕੰਮ ਲੈਣ ਤੇ ਤਣਾਅ ਘਟਾਉਣ’ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ, ‘‘ਇਸ ਨਾਜ਼ੁਕ ਮੌਕੇ ’ਤੇ ਫੌਜੀ ਟਕਰਾਅ ਤੋਂ ਬਚਣ ਦੀ ਲੋੜ ਹੈ, ਜੋ ਆਸਾਨੀ ਨਾਲ ਕਾਬੂ ਤੋਂ ਬਾਹਰ ਹੋ ਸਕਦਾ ਹੈ।’’ ਗੁਟੇਰੇਜ਼ ਨੇ ਇਕ ਸੰਖੇਪ ਬਿਆਨ ਵਿਚ ਦੋਵਾਂ ਮੁਲਕਾਂ ਨੂੰ ਸਲਾਹ ਦਿੱਤੀ ਕਿ ‘ਉਹ ਕੋਈ ਗਲਤੀ ਨਾ ਕਰਨ, ਕਿਉਂਕਿ ਦੋਵਾਂ ਮੁਲਕਾਂ ਦੀਆਂ ਫੌਜਾਂ ਦਾ ਆਹਮੋ ਸਾਹਮਣੇ ਹੋਣਾ ਇਸ ਮਸਲੇ ਦਾ ਕੋਈ ਹੱਲ ਨਹੀਂ ਹੈ।’’ ਗੁਟੇਰੇਜ਼ ਨੇ ਦੋਵਾਂ ਮੁਲਕਾਂ ਨੂੰ ਪੇਸ਼ਕਸ਼ ਕੀਤੀ ਕਿ ਉਨ੍ਹਾਂ ਦਾ ਦਫ਼ਤਰ ਸ਼ਾਂਤੀ ਦੀ ਬਹਾਲੀ ਵਿਚ ਮਦਦ ਕਰ ਸਕਦਾ ਹੈ।

ਗੁਟੇਰੇਜ਼ ਨੇ ਕਿਹਾ, ‘‘ਸੰਯੁਕਤ ਰਾਸ਼ਟਰ ਅਜਿਹੀ ਕਿਸੇ ਵੀ ਪਹਿਲਕਦਮੀ ਦੀ ਹਮਾਇਤ ਲਈ ਤਿਆਰ ਹੈ ਜੋ ਤਣਾਅ ਘਟਾਉਣ, ਕੂਟਨੀਤੀ ਅਤੇ ਸ਼ਾਂਤੀ ਪ੍ਰਤੀ ਨਵੀਂ ਵਚਨਬੱਧਤਾ ਨੂੰ ਉਤਸ਼ਾਹਿਤ ਕਰਦੀ ਹੈ।’’ ਗੁਟੇਰੇਜ਼ ਦੀ ਇਹ ਟਿੱਪਣੀ ਦੋਵਾਂ ਮੁਲਕਾਂ ਵਿਚ ਬਣੇ ਤਣਾਅ ਨੂੰ ਲੈ ਕੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਹੋਣ ਵਾਲੀ ਬੰਦ ਕਮਰਾ ਮੀਟਿੰਗ ਤੋਂ ਕੁਝ ਘੰਟੇ ਪਹਿਲਾਂ ਆਈ ਹੈ। ਪਾਕਿਸਤਾਨ, ਜੋ ਯੂਐੱਨਐੈੱਸਸੀ ਦਾ ਅਸਥਾਈ ਮੈਂਬਰ ਹੈ, ਨੇ ਹੰਗਾਮੀ ਬੈਠਕ ਬੁਲਾਉਣ ਦੀ ਮੰਗ ਕੀਤੀ ਸੀ।

ਗੁਟੇਰੇਜ਼ ਨੇ ਕਿਹਾ, ‘‘ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਕਈ ਸਾਲਾਂ ਵਿੱਚ ਆਪਣੇ ਸਭ ਤੋਂ ਸਿਖਰਲੇ ਪੱਧਰ ’ਤੇ ਹੈ। ਮੈਂ ਸੰਯੁੁਕਤ ਰਾਸ਼ਟਰ ਦੇ ਸ਼ਾਂਤੀ ਰੱਖਿਅਕ ਮਿਸ਼ਨਾਂ ਵਿਚ ਪਾਏ ਯੋਗਦਾਨ ਲਈ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਲੋਕਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਇਸ ਲਈ ਮੈਨੂੰ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਦੋਵਾਂ ਮੁਲਕਾਂ ਦਾ ਰਿਸ਼ਤਾ ਤਲਖੀ ਦੇ ਸਿਖਰ ’ਤੇ ਪਹੁੰਚ ਗਿਆ ਹੈ।’’

ਗੁਟੇਰੇਜ਼ ਨੇ ਕਿਹਾ ਕਿ ਉਹ 22 ਅਪਰੈਲ ਨੂੰ ਪਹਿਲਗਾਮ ਵਿੱਚ ਹੋਏ ‘ਭਿਆਨਕ ਦਹਿਸ਼ਤੀ ਹਮਲੇ’ ਕਰਕੇ ਉੱਠੀਆਂ ‘ਭਾਵਨਾਵਾਂ” ਨੂੰ ਸਮਝਦੇ ਹਨ ਅਤੇ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਨੂੰ ਦੁਹਰਾਉਂਦੇ ਹਨ। ਇਸ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਭਰੋਸੇਯੋਗ ਅਤੇ ਜਾਇਜ਼ ਤਰੀਕਿਆਂ ਨਾਲ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ।’’ ਯੂਐੱਨ ਮੁਖੀ ਨੇ ਕਿਹਾ, ‘‘ਇਸ ਨਾਜ਼ੁਕ ਮੌਕੇ ’ਤੇ ਫੌਜੀ ਟਕਰਾਅ ਤੋਂ ਬਚਣ ਦੀ ਲੋੜ ਹੈ, ਜੋ ਆਸਾਨੀ ਨਾਲ ਕਾਬੂ ਤੋਂ ਬਾਹਰ ਹੋ ਸਕਦਾ ਹੈ।’’

Share: