ਜੰਮੂ : ਜੰਮੂ ਕਸ਼ਮੀਰ ਪੁਲੀਸ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਅਖਨੂਰ ਸੈਕਟਰ ’ਚ ਚਨਾਬ ਦਰਿਆ ਪੈਦਲ ਪਾਰ ਕਰਨ ਦੀ ਕੋਤਾਹੀ ਨਾ ਕਰਨ। ਪਿਛਲੇ ਕੁਝ ਦਿਨਾਂ ’ਚ ਪਾਣੀ ਦਾ ਪੱਧਰ ਘਟਣ ਕਰਕੇ ਸੈਂਕੜੇ ਲੋਕ ਦਰਿਆ ’ਚ ਸੋਨੇ-ਚਾਂਦੀ ਦੇ ਗਹਿਣਿਆਂ ਅਤੇ ਸਿੱਕਿਆਂ ਦੀ ਭਾਲ ਕਰਦੇ ਦੇਖੇ ਗਏ ਹਨ। ਬਗਲੀਹਾਰ ਅਤੇ ਸਲਾਲ ਡੈਮਾਂ ਰਾਹੀਂ ਦਰਿਆ ’ਚ ਪਾਣੀ ਦਾ ਪ੍ਰਵਾਹ ਸੀਮਤ ਕੀਤੇ ਜਾਣ ਕਰਕੇ ਪਾਣੀ ਦਾ ਪੱਧਰ ਘੱਟ ਗਿਆ ਹੈ। ਪਿਛਲੇ ਹਫ਼ਤੇ ਮਿੱਟੀ ਕੱਢਣ ਮਗਰੋਂ ਬਗਲੀਹਾਰ ਅਤੇ ਸਲਾਲ ਡੈਮਾਂ ’ਚ ਪਾਣੀ ਭਰਨ ਲਈ ਸੋਮਵਾਰ ਨੂੰ ਉਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਚਨਾਬ ਖਾਸ ਕਰਕੇ ਅਖਨੂਰ ਸੈਕਟਰ ’ਚ ਦਰਿਆ ਅੰਦਰ ਪਾਣੀ ਦੀ ਆਮਦ ਬਹੁਤ ਘਟ ਗਈ ਹੈ। ਅੱਜ ਦੁਪਹਿਰ ਬਾਅਦ ਪਾਣੀ ਦਾ ਪੱਧਰ ਮੁੜ ਵਧਣ ਕਾਰਨ ਲੋਕਾਂ ਨੂੰ ਚਨਾਬ ਦਰਿਆ ਤੋਂ ਹਟਾਉਣ ਲਈ ਪੁਲੀਸ ਅਧਿਕਾਰੀ ਉਥੇ ਪਹੁੰਚ ਗਏ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਕੈਚਮੈਂਟ ਏਰੀਆ ’ਚ ਮੀਂਹ ਪੈਣ ਕਾਰਨ ਪਾਣੀ ਦਾ ਪੱਧਰ ਅਚਾਨਕ ਵਧ ਸਕਦਾ ਹੈ ਜਿਸ ਕਾਰਨ ਚਨਾਬ ’ਚ ਪੈਦਲ ਜਾ ਰਹੇ ਲੋਕਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਚਨਾਬ ’ਚ ਪਾਣੀ ਦਾ ਪੱਧਰ ਇੰਨਾ ਘੱਟ ਕਦੇ ਨਹੀਂ ਦੇਖਿਆ। ਇਕ ਸਥਾਨਕ ਵਿਅਕਤੀ ਅੰਕੁਰ ਸ਼ਰਮਾ ਨੇ ਕਿਹਾ ਕਿ ਸਿੰਧ ਜਲ ਸੰਧੀ ਮੁਅੱਤਲ ਕੀਤੇ ਜਾਣ ਮਗਰੋਂ ਪਾਕਿਸਤਾਨ ਨੂੰ ਸਬਕ ਸਿਖਾਉਣ ਦਾ ਮੌਕਾ ਮਿਲ ਗਿਆ ਹੈ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਹੁਣ ਸਮਝ ਜਾਣਾ ਚਾਹੀਦਾ ਹੈ ਕਿ ਉਹ ਹਰ ਵਾਰ ਬੇਕਸੂਰਾਂ ਦੀ ਹੱਤਿਆ ਕਰਕੇ ਆਪਣਾ ਖਹਿੜਾ ਨਹੀਂ ਛੁਡਾ ਸਕਦਾ ਹੈ।
Posted inNews
ਲੋਕਾਂ ਨੂੰ ਚਨਾਬ ਤੋਂ ਦੂਰ ਰਹਿਣ ਦੀ ਚਿਤਾਵਨੀ
