ਤਣਾਅ ਹੋਰ ਵਧਣ ਕਾਰਨ ਪਾਕਿ ਦੀ ਆਰਥਿਕਤਾ ਨੂੰ ਲੱਗੇਗੀ ਢਾਹ: ਮੂਡੀਜ਼

ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਹੋਰ ਵਧਣ ਨਾਲ ਭਾਰਤ ’ਚ ਕੋਈ ਵੱਡਾ ਆਰਥਿਕ ਅੜਿੱਕਾ ਪੈਦਾ ਨਹੀਂ ਹੋਵੇਗਾ ਪਰ ਪਾਕਿਸਤਾਨ ਨੂੰ ਝਟਕਾ ਲੱਗ ਸਕਦਾ ਹੈ ਕਿਉਂਕਿ ਉਸ ਦਾ ਵਿਦੇਸ਼ੀ ਮੁਦਰਾ ਭੰਡਾਰ ਦਬਾਅ ਹੇਠ ਆ ਸਕਦਾ ਹੈ। ਇਸ ਕਾਰਨ ਉਸ ਦੀ ਵਿਕਾਸ ਦਰ ’ਤੇ ਅਸਰ ਪੈ ਸਕਦਾ ਹੈ। ਰੇਟਿੰਗ ਏਜੰਸੀ ਮੂਡੀਜ਼ ਨੇ ‘ਭਾਰਤ-ਪਾਕਿਸਤਾਨ ਵਿਚਕਾਰ ਵਧਦੇ ਤਣਾਅ ਨਾਲ ਪਾਕਿਸਤਾਨ ਦੀ ਵਿਕਾਸ ਦਰ ’ਤੇ ਅਸਰ’ ਸਿਰਲੇਖ ਨਾਲ ਸੋਮਵਾਰ ਨੂੰ ਰਿਪੋਰਟ ਜਾਰੀ ਕੀਤੀ ਹੈ। ਇਸ ’ਚ ਕਿਹਾ ਗਿਆ ਹੈ ਕਿ ਉਸ ਨੂੰ ਭਾਰਤ ਦੀਆਂ ਆਰਥਿਕ ਗਤੀਵਿਧੀਆਂ ’ਚ ਕੋਈ ਵੱਡਾ ਅੜਿੱਕਾ ਖੜ੍ਹਾ ਹੋਣ ਦੇ ਆਸਾਰ ਨਹੀਂ ਦਿਖਦੇ ਹਨ ਕਿਉਂਕਿ ਪਾਕਿਸਤਾਨ ਨਾਲ ਉਸ ਦੇ ਆਰਥਿਕ ਸਬੰਧ ਬਹੁਤ ਨਿਗੂਣੇ (ਸਾਲ 2024 ’ਚ ਭਾਰਤ ਦੀ ਕੁਲ ਬਰਾਮਦਾਂ ’ਚ ਉਸ ਦੀ ਹਿੱਸੇਦਾਰੀ 0.5 ਫ਼ੀਸਦ ਤੋਂ ਵੀ ਘੱਟ ਰਹੀ) ਹਨ। ਉਂਜ ਇਸ ’ਤੇ ਵਿਚਾਰ ਕਰਨ ਦੀ ਲੋੜ ਹੈ ਕਿ ਪਾਕਿਸਤਾਨ ਦੇ ਆਰਥਿਕ ਹਾਲਾਤ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਵਿਕਾਸ ਦਰ ਹੌਲੀ-ਹੌਲੀ ਵਧ ਰਹੀ ਹੈ। ਮੂਡੀਜ਼ ਨੇ ਕਿਹਾ, ‘‘ਤਣਾਅ ਲਗਾਤਾਰ ਵਧਣ ਨਾਲ ਪਾਕਿਸਤਾਨ ਦੀ ਬਾਹਰੀ ਵਿੱਤੀ ਫੰਡਿੰਗ ਤੱਕ ਪਹੁੰਚ ’ਚ ਰੁਕਾਵਟ ਪੈਦਾ ਹੋ ਸਕਤੀ ਹੈ ਅਤੇ ਉਸ ਦੇ ਵਿਦੇਸ਼ੀ ਮੁੰਦਰਾ ਭੰਡਾਰ ’ਤੇ ਦਬਾਅ ਪੈ ਸਕਦਾ ਹੈ ਜੋ ਅਗਲੇ ਕੁਝ ਸਾਲਾਂ ਲਈ ਉਸ ਦੀਆਂ ਕਰਜ਼ਾ ਭੁਗਤਾਨ ਲੋੜਾਂ ਨੂੰ ਪੂਰਾ ਕਰਨ ਲਈ ਲੋੜੀਂਦੇ ਪੱਧਰ ਤੋਂ ਬਹੁਤ ਘੱਟ ਹੈ।’’ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਦਾ ਕਾਰਜਕਾਰੀ ਬੋਰਡ 9 ਮਈ ਨੂੰ ਪਾਕਿਸਤਾਨੀ ਅਧਿਕਾਰੀਆਂ ਨਾਲ ਮਿਲਣ ਵਾਲਾ ਹੈ।

Share: