ਹੈਦਰਾਬਾਦ : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਇੱਥੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਹੇਠਲੀ ਐੱਨਡੀਏ ਸਰਕਾਰ ਅਗਲੇ ਤਿੰਨ-ਚਾਰ ਸਾਲਾਂ ਵਿੱਚ ਤਿਲੰਗਾਨਾ ’ਚ 2 ਲੱਖ ਕਰੋੜ ਰੁਪਏ ਦੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਸ਼ੁਰੂ ਕਰੇਗੀ।
ਕੁਮਰਾਮ ਭੀਮ ਆਸਿਫ਼ਾਬਾਦ ਜ਼ਿਲ੍ਹੇ ਵਿੱਚ 3,900 ਕਰੋੜ ਰੁਪਏ ਤੋਂ ਵੱਧ ਦੇ ਕਈ ਸੜਕ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਕਰਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਗਡਕਰੀ ਨੇ ਕਿਹਾ ਕਿ ਤਿਲੰਗਾਨਾ ਵਿੱਚ ਕੌਮੀ ਰਾਜਮਾਰਗਾਂ ਦੀ ਲੰਬਾਈ ਪਿਛਲੇ 10 ਸਾਲਾਂ ਵਿੱਚ ਦੁੱਗਣੀ ਤੋਂ ਜ਼ਿਆਦਾ ਵਧ ਕੇ 5,000 ਕਿਲੋਮੀਟਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਤਿਲੰਗਾਨਾ ਦੇ ਵਿਕਾਸ ਲਈ ਵਚਨਬੱਧ ਹੈ। ਗਡਕਰੀ ਨੇ ਕਿਹਾ, ‘ਤਿਲੰਗਾਨਾ ਦੇ 33 ਜ਼ਿਲ੍ਹਿਆਂ ਵਿੱਚ ਸੜਕ ਨਿਰਮਾਣ ਦਾ ਕੰਮ ਲਗਾਤਾਰ ਚੱਲ ਰਿਹਾ ਹੈ। ਹੁਣ ਤੱਕ 1.25 ਲੱਖ ਕਰੋੜ ਰੁਪਏ ਦੇ ਵਿਕਾਸ ਕਾਰਜ ਪੂਰੇ ਹੋ ਚੁੱਕੇ ਹਨ। ਤੁਸੀਂ ਹੁਣ ਤੱਕ ਜੋ ਵਿਕਾਸ ਦੇਖਿਆ ਹੈ, ਉਹ ਸਿਰਫ਼ ਝਲਕ ਹੈ। ਅਗਲੇ ਤਿੰਨ-ਚਾਰ ਸਾਲਾਂ ਵਿੱਚ ਅਸੀਂ ਤਿਲੰਗਾਨਾ ਵਿੱਚ ਦੋ ਲੱਖ ਕਰੋੜ ਰੁਪਏ ਦੇ ਕੰਮ ਸ਼ੁਰੂ ਕਰਨ ਜਾ ਰਹੇ ਹਾਂ। ਮੇਰਾ ਮੰਨਣਾ ਹੈ ਕਿ ਇਨ੍ਹਾਂ ਕੰਮਾਂ ਦੇ ਪੂਰਾ ਹੋਣ ਤੋਂ ਬਾਅਦ ਤਿਲੰਗਾਨਾ ਦੀ ਤਸਵੀਰ ਬਦਲ ਜਾਵੇਗੀ।’ ਗਡਕਰੀ ਨੇ ਕੇਂਦਰ ਦੀ ‘ਅੰਮ੍ਰਿਤ ਸਰੋਵਰ’ ਯੋਜਨਾ ਤਹਿਤ ਤਿਲੰਗਾਨਾ ਵਿੱਚ ਜਲ ਸੰਭਾਲ ਪ੍ਰਾਜੈਕਟ ਸ਼ੁਰੂ ਕਰਨ ਦੀ ਪੇਸ਼ਕਸ਼ ਕੀਤੀ ਅਤੇ ਮੁੱਖ ਮੰਤਰੀ ਏ ਰੇਵੰਤ ਰੈਡੀ ਅਤੇ ਹੋਰ ਮੰਤਰੀਆਂ ਤੋਂ ਸਹਿਯੋਗ ਮੰਗਿਆ।