ਐੱਨਆਈਏ ਵੱਲੋਂ ਹਰਿਆਣਾ, ਦਿੱਲੀ ਤੇ ਰਾਜਸਥਾਨ ’ਚ ਛਾਪੇ

ਐੱਨਆਈਏ ਵੱਲੋਂ ਹਰਿਆਣਾ, ਦਿੱਲੀ ਤੇ ਰਾਜਸਥਾਨ ’ਚ ਛਾਪੇ

ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਕੈਨੇਡਾ ਸਥਿਤ ਖਾਲਿਸਤਾਨੀ ਅਰਸ਼ ਡੱਲਾ ਨਾਲ ਜੁੜੇ ‘2024 ਨੀਮਰਾਣਾ ਹੋਟਲ ਗੋਲੀਬਾਰੀ ਹਮਲੇ’ ਦੀ ਸਾਜ਼ਿਸ਼ ਦੀ ਜਾਂਚ ਲਈ ਰਾਜਸਥਾਨ, ਹਰਿਆਣਾ ਅਤੇ ਦਿੱਲੀ ਵਿੱਚ 10 ਟਿਕਾਣਿਆਂ ’ਤੇ ਛਾਪੇ ਮਾਰੇ। ਇਸ ਦੌਰਾਨ ਇਲੈਕਟ੍ਰਾਨਿਕ ਉਪਕਰਨ ਅਤੇ ਹੋਰ ਸਮੱਗਰੀ ਜ਼ਬਤ ਕੀਤੀ ਗਈ। ਐੱਨਆਈਏ ਵੱਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ ਪਿਛਲੇ ਸਾਲ 8 ਸਤੰਬਰ ਨੂੰ ਰਾਜਸਥਾਨ ਦੇ ਨੀਮਰਾਣਾ ਵਿਚਲੇ ਹੋਟਲ ਹਾਈਵੇਅ ਕਿੰਗ ਨੇੜੇ 35 ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਦਾ ਉਦੇਸ਼ ਲੋਕਾਂ ਨੂੰ ਡਰਾਉਣਾ ਅਤੇ ਧਮਕਾਉਣਾ ਸੀ। ਐੱਨਆਈਏ ਨੇ ਕਿਹਾ ਕਿ ਬਾਅਦ ਵਿੱਚ ਦੋਵਾਂ ਹਮਲਾਵਰਾਂ ਦੀ ਪਛਾਣ ਬੰਬੀਹਾ ਗੈਂਗ ਦੇ ਮੈਂਬਰਾਂ ਵਜੋਂ ਹੋਈ, ਜਿਸ ਦਾ ਡੱਲਾ ਦੇ ਅਤਿਵਾਦੀ-ਗੈਂਗਸਟਰ ਨੈੱਟਵਰਕ ਨਾਲ ਸਬੰਧ ਹੈ।

ਬਿਆਨ ਅਨੁਸਾਰ, ‘ਉਨ੍ਹਾਂ ਨੇ ਪਾਬੰਦੀਸ਼ੁਦਾ ਹਥਿਆਰਾਂ ਦੀ ਵਰਤੋਂ ਕੀਤੀ ਅਤੇ ਹੋਟਲ ਮਾਲਕ ਤੇ ਮੈਨੇਜਰ ਨੂੰ ਜਬਰੀ ਵਸੂਲੀ ਲਈ ਧਮਕੀ ਦਿੱਤੀ ਸੀ। ਮੈਨੇਜਰ ਨੂੰ ਪਹਿਲਾਂ ਵੀ ਵੱਖ-ਵੱਖ ਅੰਤਰਰਾਸ਼ਟਰੀ ਨੰਬਰਾਂ ਤੋਂ ਫੋਨ ਕਰਕੇ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਸਨ।’ ਐੱਨਆਈਏ ਨੇ ਦਸੰਬਰ ਵਿੱਚ ਮਾਮਲੇ ਦੀ ਜਾਂਚ ਆਪਣੇ ਹੱਥਾਂ ’ਚ ਲਈ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਏਜੰਸੀ ਨੇ ਸ਼ਨਿਚਰਵਾਰ ਨੂੰ ਹਿੰਸਕ ਅਪਰਾਧਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ’ਚ ਸ਼ਾਮਲ ਮੁਲਜ਼ਮਾਂ ਅਤੇ ਮਸ਼ਕੂਕਾਂ ਦੇ ਟਿਕਾਣਿਆਂ ’ਤੇ ਛਾਪੇ ਮਾਰ ਕੇ ਕਈ ਇਲੈਕਟ੍ਰਾਨਿਕ ਉਪਕਰਨ ਅਤੇ ਹੋਰ ਸਮੱਗਰੀ ਜ਼ਬਤ ਕੀਤੀ।’

ਐੱਨਆਈਏ ਦੀ ਜਾਂਚ ਅਨੁਸਾਰ, ‘ਇਹ ਮੁਲਜ਼ਮ ਅਰਸ਼ ਡੱਲਾ ਅਤੇ ਉਸ ਦੇ ਸਾਥੀ ਦਿਨੇਸ਼ ਗਾਂਧੀ ਦੇ ਇਸ਼ਾਰੇ ’ਤੇ ਵਿੱਤੀ ਸਹਾਇਤਾ ਕਰਨ ਅਤੇ ਹਿੰਸਾ ਤੇ ਅਤਿਵਾਦ ਦੀਆਂ ਕਾਰਵਾਈਆਂ ਵਿੱਚ ਸ਼ਾਮਲ ਸਨ।’ ਏਜੰਸੀ ਨੇ ਦੋਸ਼ ਲਾਇਆ ਕਿ ਡੱਲਾ ਦੇ ਸਾਥੀ ਪਾਬੰਦੀਸ਼ੁਦਾ ਖਾਲਿਸਤਾਨੀ ਅਤਿਵਾਦੀ ਸੰਗਠਨਾਂ ਲਈ ਫੰਡ ਇਕੱਠਾ ਕਰਨ ਲਈ ਅਜਿਹੀਆਂ ਅਤਿਵਾਦੀ ਅਤੇ ਹਿੰਸਕ ਕਾਰਵਾਈਆਂ ਰਾਹੀਂ ਜਬਰੀ ਵਸੂਲੀ ਕਰ ਰਹੇ ਹਨ। ਜਾਂਚ ਏਜੰਸੀ ਨੇ ਕਿਹਾ ਕਿ ਇਨ੍ਹਾਂ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਾਰੋਬਾਰੀਆਂ ਅਤੇ ਹੋਰ ਨਿਸ਼ਾਨਿਆਂ ਦੀ ਪਛਾਣ ਕੀਤੀ ਸੀ ਅਤੇ ਉਨ੍ਹਾਂ ਨੂੰ ਧਮਕਾ ਕੇ ਵੱਡੀ ਰਕਮ ਦੀ ਮੰਗ ਕਰਦੇ ਸਨ।

ਭਾਰਤ ਨੇ 2023 ’ਚ ਡੱਲਾ ਨੂੰ ਐਲਾਨਿਆ ਸੀ ਅਤਿਵਾਦੀ

ਅਧਿਕਾਰੀਆਂ ਅਨੁਸਾਰ ਅਰਸ਼ ਡੱਲਾ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਅਤੇ ਅਤਿਵਾਦੀ ਗਤੀਵਿਧੀਆਂ ਸਮੇਤ 50 ਤੋਂ ਵੱਧ ਮਾਮਲਿਆਂ ਵਿੱਚ ਭਗੌੜਾ ਅਪਰਾਧੀ ਹੈ। ਮਈ 2022 ਵਿੱਚ ਉਸ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ 2023 ਵਿੱਚ ਭਾਰਤ ਨੇ ਉਸ ਨੂੰ ਅਤਿਵਾਦੀ ਐਲਾਨਿਆ ਸੀ। ਇਸ ਮਾਮਲੇ ਦੀ ਜਾਂਚ ਦੇਸ਼ ਵਿੱਚ ਸਰਗਰਮ ਅਤਿਵਾਦੀ ਅਤੇ ਗੈਂਗਸਟਰ ਸਿੰਡੀਕੇਟ ਦੀ ਪਛਾਣ ਕਰਨ ਅਤੇ ਇਨ੍ਹਾਂ ਨੂੰ ਖ਼ਤਮ ਕਰਨ ਲਈ ਐੱਨਆਈਏ ਦੀਆਂ ਕੋਸਿਸ਼ਾਂ ਦੇ ਹਿੱਸੇ ਵਜੋਂ ਕੀਤੀ ਜਾ ਰਹੀ ਹੈ।

Share: