ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 25 ਵਿਚ ਜਨਤਾ ਕਲੋਨੀ ਨੂੰ ਅੱਜ ਸਵੇਰੇ ਢਾਹ ਦਿੱਤਾ ਗਿਆ ਹੈ। ਯੂਟੀ ਪ੍ਰਸ਼ਾਸਨ ਦੀ ਟੀਮ ਨੇ ਸਵੇਰੇ 6 ਵਜੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਜਨਤਾ ਕਲੋਨੀ ਵਿੱਚ ਪਹੁੰਚ ਕੇ ਝੁੱਗੀ-ਝੌਂਪੜੀਆਂ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਕੁਝ ਲੋਕਾਂ ਨੇ ਪ੍ਰਸ਼ਾਸਨ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਉਨ੍ਹਾਂ ਨੂੰ ਸ਼ਾਂਤ ਕਰਵਾ ਦਿੱਤਾ। ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਝੁੱਗੀ ਝੌਂਪੜੀਆਂ ਨੂੰ ਢਾਹੁਣ ਦੀ ਕਾਰਵਾਈ ਤੇਜ਼ ਕੀਤੀ। ਜ਼ਿਕਰਯੋਗ ਹੈ ਕਿ ਸੈਕਟਰ 25 ਸਥਿਤ ਜਨਤਾ ਕਲੋਨੀ 10 ਏਕੜ ਜ਼ਮੀਨ ’ਤੇ ਫੈਲੀ ਹੋਈ ਹੈ। ਇਥੇ 2500 ਝੁੱਗੀਆਂ ਵਿੱਚ 10 ਹਜ਼ਾਰ ਤੋਂ ਵੱਧ ਲੋਕ ਰਹਿੰਦੇ ਹਨ। ਇਹ ਸ਼ਹਿਰ ਦੀ ਸਭ ਤੋਂ ਵੱਡੀ ਝੁੱਗੀ ਝੌਂਪੜੀਆਂ ਵਾਲੀ ਬਸਤੀ ਮੰਨੀ ਜਾਂਦੀ ਹੈ ਜਿਸ ਨੂੰ ਅੱਜ ਯੂਟੀ ਪ੍ਰਸ਼ਾਸਨ ਨੇ ਢਾਹ ਦਿੱਤਾ ਹੈ।
ਦੱਸਣਯੋਗ ਹੈ ਕਿ ਯੂਟੀ ਪ੍ਰਸ਼ਾਸਨ ਵੱਲੋਂ ਸਿਟੀ ਬਿਊਟੀਫੁਲ ਚੰਡੀਗੜ੍ਹ ਨੂੰ ਝੁੱਗੀ ਝੌਂਪੜੀਆਂ ਤੋਂ ਮੁਕਤ ਕਰਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ। ਯੂਟੀ ਪ੍ਰਸ਼ਾਸਨ ਇਸ ਕਾਰਵਾਈ ਤਹਿਤ ਸ਼ਹਿਰ ਦੀਆਂ ਸਾਰੀਆਂ ਝੁੱਗੀ ਝੌਂਪੜੀਆਂ ਵਾਲੀਆਂ ਬਸਤੀਆਂ ਨੂੰ ਢਾਹੁਣ ਲੱਗਿਆ ਹੋਇਆ ਹੈ। ਇਸ ਤੋਂ ਪਹਿਲਾਂ 23 ਅਪਰੈਲ ਨੂੰ ਵੀ ਯੂਟੀ ਪ੍ਰਸ਼ਾਸਨ ਨੇ ਇੰਡਸਟਰੀਅਲ ਏਰੀਆ ਦੇ ਨਾਲ ਲੱਗਦੀ ਸੰਜੈ ਕਲੋਨੀ ’ਤੇ ਬੁਲਡੋਜ਼ਰ ਚਲਾ ਕੇ ਉਸ ਨੂੰ ਢਾਹ ਦਿੱਤਾ ਸੀ।