ਕਾਠਮੰਡੂ : ਨੇਪਾਲ ਦੀ ਸੰਸਦ ਨੇ ਅੱਜ ਸਰਕਾਰ ਨੂੰ ਉੜੀਸਾ ਦੇ ਕੇਆਈਆਈਟੀ ਵਿੱਚ ਨੇਪਾਲੀ ਵਿਦਿਆਰਥਣ ਪ੍ਰਿੰਸਾ ਸਾਹ ਦੀ ਮੌਤ ਦੇ ਤੱਥਾਂ ਦਾ ਪਤਾ ਲਗਾਉਣ ਲਈ ਭਾਰਤੀ ਅਧਿਕਾਰੀਆਂ ਨਾਲ ਕੂਟਨੀਤਕ ਗੱਲਬਾਤ ਕਰਨ ਦਾ ਨਿਰਦੇਸ਼ ਦਿੱਤਾ ਹੈ। ਪ੍ਰਤੀਨਿਧ ਸਭਾ (ਐੱਚਓਆਰ) ਦੇ ਸਪੀਕਰ ਦੇਵਰਾਜ ਘਿਮਿਰੇ ਨੇ ਐਤਵਾਰ ਨੂੰ ਸੰਸਦ ਮੈਂਬਰਾਂ ਵੱਲੋਂ ਇਸ ਮੁੱਦੇ ਨੂੰ ਉਠਾਏ ਜਾਣ ਤੋਂ ਬਾਅਦ ਸਰਕਾਰ ਨੂੰ ਇਹ ਆਦੇਸ਼ ਜਾਰੀ ਕੀਤਾ।
ਘਿਮਿਰੇ ਨੇ ਕਿਹਾ, ‘‘ਸਦਨ ਦੀ ਮੀਟਿੰਗ ਵਿੱਚ ਸੰਸਦ ਮੈਂਬਰਾਂ ਵੱਲੋਂ ਪ੍ਰਿੰਸਾ ਦੀ ਮੌਤ ਦਾ ਮਾਮਲਾ ਉਠਾ ਕੇ ਇਸ ਵੱਲ ਮੇਰਾ ਧਿਆਨ ਦਿਵਾਇਆ ਗਿਆ।’’ ਉਨ੍ਹਾਂ ਕਿਹਾ, ‘‘ਆਪਣੇ ਸੁਨਹਿਰੀ ਭਵਿੱਖ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਮੌਤ ਇਕ ਗੰਭੀਰ ਮੁੱਦਾ ਹੈ। ਮੈਂ ਸਰਕਾਰ ਨੂੰ ਨਿਰਦੇਸ਼ ਦੇਣਾ ਚਾਹਾਂਗਾ ਕਿ ਉਹ ਕੂਟਨੀਤਕ ਪਹਿਲ ਰਾਹੀਂ ਪ੍ਰਿੰਸਾ ਦੀ ਮੌਤ ਨਾਲ ਜੁੜੇ ਤੱਥਾਂ ਦਾ ਪਤਾ ਲਗਾਏ।’’ ਪਾਰਸਾ ਜ਼ਿਲ੍ਹੇ ਦੀ ਵਿਦਿਆਰਥਣ ਪ੍ਰਿੰਸਾ ਨੇ ਕਥਿਤ ਤੌਰ ’ਤੇ ਪਹਿਲੀ ਮਈ ਨੂੰ ਕੇਆਈਆਈਟੀ ਵਿੱਚ ਖ਼ੁਦਕੁਸ਼ੀ ਕਰ ਲਈ ਸੀ। ਹਾਲ ਦੇ ਮਹੀਨਿਆਂ ਵਿੱਚ ਉਸ ਦੀ ਮੌਤ ਦੂਜੀ ਅਜਿਹੀ ਘਟਨਾ ਹੈ। ਫਰਵਰੀ ਵਿੱਚ ਇਸੇ ਸੰਸਥਾ ਦੀ ਇਕ ਹੋਰ ਨੇਪਾਲੀ ਵਿਦਿਆਰਥਣ ਨੇ ਖ਼ੁਦਕੁਸ਼ੀ ਕਰ ਲਈ ਸੀ।