ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਕਿਸੇ ਵੀ ਭਾਸ਼ਾ ਦਾ ਕੋਈ ਵਿਰੋਧ ਨਹੀਂ ਹੈ ਕਿਉਂਕਿ ਕਿਸੇ ਨੂੰ ਵੀ ਉਸ ਦੀ ਮਾਤ-ਭਾਸ਼ਾ ਤੋਂ ਦੂਰ ਨਹੀਂ ਕੀਤਾ ਜਾ ਸਕਦਾ ਅਤੇ ਸੰਸਕ੍ਰਿਤ ਤਕਰੀਬਨ ਸਾਰੀਆਂ ਭਾਰਤੀ ਭਾਸ਼ਾਵਾਂ ਦੀ ਮਾਂ ਹੈ। ਇੱਥੇ 1008 ਸੰਸਕ੍ਰਿਤ ਸੰਭਾਸ਼ਣ ਸ਼ਿਵਿਰਾਂ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਵਧੇਰੇ ਭਾਰਤੀ ਭਾਸ਼ਾਵਾਂ ਦੀ ਮਾਂ ਦੇ ਰੂਪ ’ਚ ਸੰਸਕ੍ਰਿਤ ਦਾ ਪ੍ਰਚਾਰ ਤੇ ਪਸਾਰ ਸਿਰਫ਼ ਇਸ ਨੂੰ ਸੁਰਜੀਤ ਕਰਨ ਬਾਰੇ ਨਹੀਂ ਹੈ ਬਲਕਿ ਦੇਸ਼ ਦੀ ਮੁਕੰਮਲ ਪ੍ਰਗਤੀ ਨੂੰ ਅੱਗੇ ਵਧਾਉਣ ਬਾਰੇ ਵੀ ਹੈ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਸੰਸਕ੍ਰਿਤ ਅਮੀਰ ਤੇ ਮਜ਼ਬੂਤ ਹੋਵੇਗੀ, ਇਹ ਦੇਸ਼ ਦੀ ਹਰ ਭਾਸ਼ਾ ਤੇ ਬੋਲੀ ਨੂੰ ਮਜ਼ਬੂਤ ਬਣਾਏਗੀ। ਗ੍ਰਹਿ ਮੰਤਰੀ ਨੇ ਕਿਹਾ ਕਿ ਸੰਸਕ੍ਰਿਤ ਨਾ ਸਿਰਫ਼ ਦੁਨੀਆ ਦੀ ਸਭ ਤੋਂ ਵਿਗਿਆਨਕ ਭਾਸ਼ਾ ਹੈ ਬਲਕਿ ਇਸ ਦਾ ਵਿਆਕਰਣ ਵੀ ਸ਼ਾਨਦਾਰ ਹੈ। ਇਹ ਸਮਾਗਮ ਕਰਾਉਣ ਲਈ ਸੰਸਕ੍ਰਿਤ ਭਾਰਤੀ ਦੀ ਸ਼ਲਾਘਾ ਕਰਦਿਆਂ ਸ਼ਾਹ ਨੇ ਕਿਹਾ ਕਿ ਸੰਸਕ੍ਰਿਤ ਦਾ ਪਤਨ ਬਸਤੀਵਾਦੀ ਸ਼ਾਸਨ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਅਤੇ ਇਸ ਨੂੰ ਸੁਰਜੀਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਦੀ ਲੋੜ ਹੋਵੇਗੀ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਹੇਠ ਸੰਸਕ੍ਰਿਤ ਨੂੰ ਸੁਰਜੀਤ ਕਰਨ ਲਈ ਪੂਰੇ ਦੇਸ਼ ਅੰਦਰ ਢੁੱਕਵਾਂ ਮਾਹੌਲ ਬਣਿਆ ਹੈ। ਸ਼ਾਹ ਨੇ ਕਿਹਾ ਕਿ ਸਰਕਾਰ, ਜਨਤਾ ਤੇ ਸਮੂਹਿਕ ਮਾਨਸਿਕਤਾ ਸੰਸਕ੍ਰਿਤ ਨੂੰ ਸੁਰਜੀਤ ਕਰਨ ਤੇ ਇਸ ਦੇ ਪ੍ਰਚਾਰ ਲਈ ਪ੍ਰਤੀਬੱਧ ਹੈ।
Posted inNews
ਸੰਸਕ੍ਰਿਤ ਸਾਰੀਆਂ ਭਾਰਤੀ ਭਾਸ਼ਾਵਾਂ ਦੀ ਮਾਂ: ਸ਼ਾਹ
