ਕੌਮੀ ਰਾਜਧਾਨੀ ਤੋਂ ਤਲ ਅਵੀਵ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਨੂੰ ਅੱਜ ਅਬੂ ਧਾਬੀ ਵੱਲ ਮੋੜ ਦਿੱਤਾ ਗਿਆ ਕਿਉਂਕਿ ਇਜ਼ਰਾਈਲੀ ਸ਼ਹਿਰ ਦੇ ਹਵਾਈ ਅੱਡੇ ਦੇ ਨੇੜੇ ਮਿਜ਼ਾਈਲ ਹਮਲਾ ਹੋਇਆ। ਇਸ ਹਮਲੇ ਤੋਂ ਬਾਅਦ ਏਅਰ ਇੰਡੀਆ ਨੇ ਤਲ ਅਵੀਵ ਦੀਆਂ ਉਡਾਣਾਂ ਵੀ 6 ਮਈ ਤੱਕ ਮੁਅੱਤਲ ਕਰ ਦਿੱਤੀਆਂ ਹਨ।
ਸੂਤਰਾਂ ਨੇ ਦੱਸਿਆ ਕਿ ਇਹ ਹਮਲਾ ਏਅਰ ਇੰਡੀਆ ਦੀ ਉਡਾਣ AI139, ਬੋਇੰਗ 787 ਜਹਾਜ਼ ਦੇ ਤਲ ਅਵੀਵ ਵਿਚ ਉਤਰਨ ਤੋਂ ਇਕ ਘੰਟੇ ਤੋਂ ਵੀ ਘੱਟ ਸਮਾਂ ਪਹਿਲਾਂ ਹੋਇਆ। ਇਸ ਉਡਾਣ ਨੂੰ ਅੱਜ ਸਵੇਰੇ ਬੇਨ ਗੁਰੀਅਨ ਹਵਾਈ ਅੱਡੇ ’ਤੇ ਵਾਪਰੀ ਘਟਨਾ ਤੋਂ ਬਾਅਦ ਅਬੂ ਧਾਬੀ ਵੱਲ ਮੋੜ ਦਿੱਤਾ ਗਿਆ।
ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੀ ਫਲਾਈਟ ਅਬੂ ਧਾਬੀ ਵਿੱਚ ਉਤਰੀ ਹੈ ਅਤੇ ਜਲਦੀ ਹੀ ਦਿੱਲੀ ਵਾਪਸ ਆ ਜਾਵੇਗੀ।
ਤਲ ਅਵੀਵ ਹਵਾਈ ਅੱਡੇ ਨੇੜੇ ਮਿਜ਼ਾਈਲ ਹਮਲਾ ਹੋਣ ਤੋਂ ਬਾਅਦ ਹੋਰ ਕਈ ਏਅਰਲਾਈਨਜ਼ ਨੇ ਵੀ ਆਪਣੀਆਂ ਉਡਾਣਾਂ ਤਲ ਅਵੀਵ ਲਈ ਅਗਲੇ ਹੁਕਮਾਂ ਤਕ ਬੰਦ ਕਰ ਦਿੱਤੀਆਂ ਹਨ। ਇਨ੍ਹਾਂ ਵਿਚ ਡੈਲਟਾ ਏਅਰਲਾਈਨਜ਼ ਤੇ ਹੋਰ ਉਡਾਣਾਂ ਸ਼ਾਮਲ ਹਨ। ਇਸ ਤੋਂ ਇਲਾਵਾ ਅਮਰੀਕਾ ਤੇ ਹੋਰ ਦੇਸ਼ਾਂ ਨੇ ਆਪਣੇ ਨਾਗਰਿਕਾਂ ਲਈ ਤਲ ਅਵੀਵ ਜਾਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।