ਭਾਰਤ ’ਤੇ ਬੁਰੀ ਨਜ਼ਰ ਰੱਖਣ ਵਾਲਿਆਂ ਨੂੰ ਮੂੰਹ-ਤੋੜ ਜਵਾਬ ਦੇਣਾ ਮੇਰੀ ਜ਼ਿੰਮੇਵਾਰੀ: ਰਾਜਨਾਥ ਸਿੰਘ

ਭਾਰਤ ’ਤੇ ਬੁਰੀ ਨਜ਼ਰ ਰੱਖਣ ਵਾਲਿਆਂ ਨੂੰ ਮੂੰਹ-ਤੋੜ ਜਵਾਬ ਦੇਣਾ ਮੇਰੀ ਜ਼ਿੰਮੇਵਾਰੀ: ਰਾਜਨਾਥ ਸਿੰਘ

ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਹਥਿਆਰਬੰਦ ਬਲਾਂ ਨਾਲ ਮਿਲ ਕੇ ਕੰਮ ਕਰਨਾ ਅਤੇ ਭਾਰਤ ’ਤੇ ਬੁਰੀ ਨਜ਼ਰ ਰੱਖਣ ਵਾਲਿਆਂ ਨੂੰ ਮੂੰਹ-ਤੋੜ ਜਵਾਬ ਦੇਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੀ ਇਹ ਟਿੱਪਣੀ 22 ਅਪਰੈਲ ਨੂੰ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਦੇ ਪਿਛੋਕੜ ਵਿੱਚ ਆਈ ਹੈ, ਜਿਸ ਵਿੱਚ 26 ਵਿਅਕਤੀ ਮਾਰੇ ਗਏ ਸਨ।

ਰੱਖਿਆ ਮੰਤਰੀ ਨੇ ਦਿੱਲੀ ਵਿੱਚ ਹੋਏ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਉਨ੍ਹਾਂ ਦੇ ਕੰਮ ਕਰਨ ਦੇ ਢੰਗ, ਦ੍ਰਿੜ੍ਹ ਸੰਕਲਪ ਅਤੇ ਜਿਸ ਤਰ੍ਹਾਂ ਤੋਂ ਉਹ ਖ਼ਤਰਾ ਉਠਾਉਂਦੇ ਹਨ, ਉਸ ਤੋਂ ਵੀ ਚੰਗੀ ਤਰ੍ਹਾਂ ਜਾਣੂ ਹਨ। ਭਾਜਪਾ ਦੇ ਸੀਨੀਅਰ ਆਗੂ ਨੇ ਕਿਹਾ, ‘‘ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਤੁਸੀਂ ਜੋ ਚਾਹੁੰਦੇ ਹੋ, ਉਹ ਯਕੀਨੀ ਤੌਰ ’ਤੇ ਹੋਵੇਗਾ।’’ ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਭਾਰਤ 22 ਅਪਰੈਲ ਨੂੰ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਦੇ ਸਰਹੱਦ ਪਾਰ ਸਬੰਧਾਂ ਦੇ ਮੱਦੇਨਜ਼ਰ ਪਾਕਿਸਤਾਨ ਖ਼ਿਲਾਫ਼ ਜਵਾਬੀ ਕਾਰਵਾਈ ’ਤੇ ਵਿਚਾਰ ਕਰ ਰਿਹਾ ਹੈ। ਇਸ ਹਮਲੇ ਵਿੱਚ 26 ਲੋਕ ਮਾਰੇ ਗਏ ਸਨ, ਜਿਨ੍ਹਾਂ ’ਚ ਜ਼ਿਆਦਾਤਰ ਸੈਲਾਨੀ ਸਨ। ਸਿੰਘ ਨੇ ਕਿਹਾ, ‘‘ਰੱਖਿਆ ਮੰਤਰੀ ਵਜੋਂ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਆਪਣੇ ਫੌਜੀਆਂ ਨਾਲ ਮਿਲ ਕੇ ਕੰਮ ਕਰਾਂ ਅਤੇ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਯਕੀਨੀ ਬਣਾਵਾਂ। ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਹਥਿਆਰਬੰਦ ਬਲਾਂ ਨਾਲ ਮਿਲ ਕੇ ਉਨ੍ਹਾਂ ਲੋਕਾਂ ਨੂੰ ਮੂੰਹ-ਤੋੜ ਜਵਾਬ ਦੇਵਾਂ, ਜੋ ਸਾਡੇ ਦੇਸ਼ ’ਤੇ ਬੁਰੀ ਨਜ਼ਰ ਰੱਖਦੇ ਹਨ।’’ 

ਰਾਜਨਾਥ ਸਿੰਘ ਵੱਲੋਂ ਜਪਾਨ ਦੇ ਰੱਖਿਆ ਮੰਤਰੀ ਨਾਲ ਮੁਲਾਕਾਤ ਅੱਜ

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਭਲਕੇ 5 ਮਈ ਨੂੰ ਆਪਣੇ ਜਪਾਨੀ ਹਮਰੁਤਬਾ ਜਨਰਲ ਨਕਾਤਾਨੀ ਨਾਲ ਵਾਰਤਾ ਕਰਨਗੇ। ਇਹ ਵਾਰਤਾ ਪਹਿਲਗਾਮ ਅਤਿਵਾਦੀ ਹਮਲੇ ਅਤੇ ਦੱਖਣੀ ਚੀਨ ਸਾਗਰ ’ਚ ਚੀਨ ਦੀ ਲਗਾਤਾਰ ਧੌਂਸ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੀ ਪਿੱਠਭੂਮੀ ’ਚ ਹੋਵੇਗੀ। ਰੱਖਿਆ ਮੰਤਰਾਲੇ ਨੇ ਕਿਹਾ ਕਿ ਭਾਰਤੀ ਤੇ ਜਪਾਨੀ ਧਿਰਾਂ ਮੌਜੂਦਾ ਖੇਤਰੀ ਤੇ ਕੌਮਾਂਤਰੀ ਸੁਰੱਖਿਆ ਸਥਿਤੀ ’ਤੇ ਵਿਚਾਰ ਚਰਚਾ ਕਰਨਗੀਆਂ ਅਤੇ ਦੁਵੱਲਾ ਰੱਖਿਆ ਸਹਿਯੋਗ ਹੋਰ ਮਜ਼ਬੂਤ ਕਰਨ ਦੇ ਢੰਗਾਂ ਬਾਰੇ ਚਰਚਾ ਕਰਨਗੀਆਂ। ਉਮੀਦ ਹੈ ਕਿ 22 ਅਪਰੈਲ ਨੂੰ ਹੋਏ ਪਹਿਲਗਾਮ ਅਤਿਵਾਦੀ ਹਮਲੇ ਮਗਰੋਂ ਬਣੇ ਹਾਲਾਤ ਬਾਰੇ ਵੀ ਗੱਲਬਾਤ ਦੌਰਾਨ ਚਰਚਾ ਕੀਤੀ ਜਾ ਸਕਦੀ ਹੈ। ਵਾਰਤਾ ਦੌਰਾਨ ਦੋਵੇਂ ਧਿਰਾਂ ਵਿਚਾਲੇ ਭਾਰਤ-ਜਪਾਨ ਰੱਖਿਆ ਸਨਅਤੀ ਸਹਿਯੋਗ ਵਧਾਉਣ ਦੇ ਢੰਗਾਂ ਬਾਰੇ ਵੀ ਚਰਚਾ ਹੋਣ ਦੀ ਉਮੀਦ ਹੈ।

Share: