ਚੰਡੀਗੜ੍ਹ : ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਅਤੇ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਮੰਚ ਉਤੇ ਮੌਜੂਦਗੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਖ਼ਿਲਾਫ਼ ਕੀਤੀ ਟਿੱਪਣੀ ਕਿ ਇਹ ਪ੍ਰਾਜੈਕਟ ‘ਕਈਆਂ ਦੀ ਨੀਂਦ ਉਡਾ ਦੇਵੇਗਾ’ ਨੂੰ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਬੇਬੁਨਿਆਦ ਅਤੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ। ਵੇਣੂਗੋਪਾਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, “ਸਾਨੂੰ ਕੋਈ ਫ਼ਿਕਰ ਨਹੀਂ, ਅਸੀਂ ਸ਼ਾਂਤੀ ਨਾਲ ਸੌਂਵਾਂਗੇ। ਇਹ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਦੀ ਰਾਤਾਂ ਨੀਂਦ ਉਡੀ ਹੋਈ ਹੈ।’’ ਉਨ੍ਹਾਂ ਨਾਲ ਹੀ ਕਿਹਾ, “ਮੈਨੂੰ ਸਮਝ ਨਹੀਂ ਆ ਰਿਹਾ ਕਿ ਪ੍ਰਧਾਨ ਮੰਤਰੀ ਕੋਲ ਅਜਿਹੇ ਬਿਆਨ ਦੇਣ ਦਾ ਕੀ ਆਧਾਰ ਹੈ।” ਉਨ੍ਹਾਂ ਨੇ ਹਾਲ ਹੀ ਵਿੱਚ ਮਨਜ਼ੂਰ ਕੀਤੀ ਗਈ ਜਾਤੀ ਮਰਦਮਸ਼ੁਮਾਰੀ ਨੂੰ ਲਾਗੂ ਕਰਨ ਲਈ ਜ਼ੋਰ ਦੇਣ ਲਈ ‘ਇੰਡੀਆ’ ਬਲਾਕ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ 50 ਪ੍ਰਤੀਸ਼ਤ ਰਾਖਵੇਂਕਰਨ ਦੀ ਹੱਦ ਵਿੱਚ ਵਾਧਾ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ, “ਅਸੀਂ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਇਸ ‘ਤੇ ਮਾਮਲੇ ਵਿਚ ਪ੍ਰਗਤੀ ਰੋਕਣ ਨਹੀਂ ਦੇਵਾਂਗੇ, ਜਿਵੇਂ ਉਨ੍ਹਾਂ ਨੇ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਦੇਰੀ ਨਾਲ ਲਾਗੂ ਕੀਤਾ ਸੀ। ਅਸੀਂ ਵੱਧ ਤੋਂ ਵੱਧ ਦਬਾਅ ਪਾਵਾਂਗੇ, ਖਾਸ ਕਰਕੇ ਰਿਜ਼ਰਵੇਸ਼ਨ ਦੀ ਸੀਮਾ ਵਧਾਉਣ ‘ਤੇ।” ਪ੍ਰਧਾਨ ਮੰਤਰੀ ਮੋਦੀ ਨੇ ਕੇਰਲ ਦੇ ਤਿਰੂਵਨੰਤਪੁਰਮ ਵਿੱਚ ਵਿਜ਼ਿੰਝਮ (Vizhinjam) ਕੌਮਾਂਤਰੀ ਸਮੁੰਦਰੀ ਬੰਦਰਗਾਹ ਦੇ ਉਦਘਾਟਨ ਦੌਰਾਨ ਸ਼ੁਰੂਆਤੀ ਟਿੱਪਣੀਆਂ ਕੀਤੀਆਂ, ਜਿੱਥੇ ਵਿਜਿਅਨ ਅਤੇ ਥਰੂਰ ਦੋਵੇਂ ਮੌਜੂਦ ਸਨ। ਉਨ੍ਹਾਂ ਦੀ ਮੌਜੂਦਗੀ ਦਾ ਹਵਾਲਾ ਦਿੰਦਿਆਂ ਮੋਦੀ ਨੇ ਕਿਹਾ, “ਅੱਜ ਦਾ ਸਮਾਗਮ ਬਹੁਤ ਸਾਰੇ ਲੋਕਾਂ ਦੀ ਨੀਂਦ ਹਰਾਮ ਕਰ ਦੇਵੇਗਾ।” ਉਨ੍ਹਾਂ ਦਾ ਸੰਕੇਤ ਵਿਜਿਅਨ ਤੇ ਥਰੂਰ ਦੀ ਸਾਂਝੀ ਮੌਜੂਦਗੀ ਦੇ ਮੱਦੇਨਜ਼ਰ ‘ਇੰਡੀਆ’ ਬਲਾਕ ਅੰਦਰ ਪਾਈ ਜਾ ਰਹੀ ਬੇਚੈਨੀ ਵੱਲ ਸੀ। ਉਂਝ ਸਮਾਗਮ ਦੌਰਾਨ ਅਧਿਕਾਰਤ ਮਲਿਆਲਮ ਅਨੁਵਾਦ ਕਥਿਤ ਤੌਰ ‘ਤੇ ਮੋਦੀ ਦਾ ਭਾਵ ਸਹੀ ਢੰਗ ਨਾਲ ਨਹੀਂ ਪ੍ਰਗਟਾ ਰਿਹਾ ਸੀ, ਪਰ ਇਸ ’ਤੇ ਪ੍ਰਧਾਨ ਮੰਤਰੀ ਨੇ ਕਿਹਾ, “ਸੁਨੇਹਾ ਜਿੱਥੇ ਜਾਣਾ ਚਾਹੀਦਾ ਸੀ, ਉੱਥੇ ਚਲਾ ਗਿਆ ਹੈ।” ਉਨ੍ਹਾਂ ਦੀਆਂ ਟਿੱਪਣੀਆਂ ਕੇਂਦਰ ਵੱਲੋਂ ਇਹ ਐਲਾਨ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਆਈਆਂ ਹਨ ਕਿ ਦੇਸ਼ ਦੀ ਆਉਣ ਵਾਲੀ ਮਰਦਮਸ਼ੁਮਾਰੀ ਵਿਚ ਜਾਤੀ ਗਣਨਾ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਕਦਮ ਨੂੰ ਬਿਹਾਰ ਵਿਧਾਨ ਸਭਾ ਸਮੇਤ ਹੋਰ ਆਗਾਮੀ ਚੋਣਾਂ ਤੋਂ ਪਹਿਲਾਂ ਸਿਆਸੀ ਤੌਰ ‘ਤੇ ਅਹਿਮ ਮੰਨਿਆ ਜਾ ਰਿਹਾ ਹੈ।
Posted inNews
ਮੋਦੀ ਦੀ ‘ਰਾਤਾਂ ਦੀ ਨੀਂਦ ਉਡਣ’ ਵਾਲੀ ਟਿੱਪਣੀ ‘ਤੇ ਵਿਵਾਦ
