ਵਿਨੀਪੈਗ : ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਯਾਰਕ ਰਿਜਨਲ ਪੁਲੀਸ ਨੇ ਚਾਰ ਪੰਜਾਬੀਆਂ ਸਣੇ ਛੇ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 30 ਲੱਖ ਕੈਨੇਡੀਅਨ ਡਾਲਰ (ਲਗਪਗ 18 ਕਰੋੜ ਰੁਪਏ) ਦਾ ਚੋਰੀ ਦਾ ਸਾਮਾਨ ਬਰਾਮਦ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ‘ਪ੍ਰਾਜੈਕਟ ਸਟੀਲ ਐੱਨ ਸਪਿਰਿਟਸ’ ਤਹਿਤ ਦਸੰਬਰ 2024 ਤੋਂ ਮਾਰਚ 2025 ਵਿਚਾਲੇ ਕੀਤੀ ਗਈ ਜਾਂਚ-ਪੜਤਾਲ ਦੇ ਆਧਾਰ ’ਤੇ ਇਸ ਚੋਰ ਗਰੋਹ ਦਾ ਪਰਦਾਫਾਸ਼ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗਰੇਟਰ ਟੋਰਾਂਟੋ ਏਰੀਆ ਵਿਚ ਹੋਲਸੇਲਰਾਂ ਅਤੇ ਰਿਟੇਲ ਸਟੋਰ ਵਾਲਿਆਂ ਨੂੰ ਨਿਸ਼ਾਨਾ ਬਣਾਉਂਦੇ ਸਨ। ਉਨ੍ਹਾਂ ਦੱਸਿਆ ਕਿ ਟੋਰਾਂਟੋ ਦੇ ਘਰ ਅਤੇ ਕਈ ਸਟੋਰੇਜ ਯੂਨਿਟਾਂ ’ਤੇ ਛਾਪੇ ਮਾਰ ਕੇ ਇਮਾਰਤਾਂ ਦੀ ਉਸਾਰੀ ਦੌਰਾਨ ਵਰਤਿਆ ਜਾਣ ਵਾਲਾ ਸਾਮਾਨ ਬਰਾਮਦ ਕੀਤਾ ਗਿਆ ਹੈ। ਇਸ ਦੀ ਕੀਮਤ 30 ਲੱਖ ਡਾਲਰ ਦੱਸੀ ਜਾ ਰਹੀ ਹੈ।
ਮੁਲਜ਼ਮਾਂ ਦੀ ਪਛਾਣ ਕੈਲੇਡਨ ਟਾਊਨ ਦੇ ਲਖਵਿੰਦਰ ਤੂਰ (42), ਬਰੈਂਪਟਨ ਦੇ ਜਗਦੀਸ਼ ਪੰਧੇਰ (43), ਮਿਸੀਸਾਗਾ ਦੇ ਮਨੀਸ਼ (31) ਅਤੇ ਹਰਪ੍ਰੀਤ ਭੰਡਾਲ (42), ਜਦਕਿ ਟੋਰਾਂਟੋ ਦੇ ਚੈਨ ਫੈਂਗ (45) ਅਤੇ ਜੀ ਜ਼ੋਊ (46) ਵਜੋਂ ਹੋਈ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਜਾਂਚ ਹਾਲੇ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ।
ਉਨ੍ਹਾਂ ਦੱਸਿਆ ਕਿ ‘ਪ੍ਰਾਜੈਕਟ ਸਟੀਲ ਐੱਨ ਸਪਿਰਿਟਸ’ ਦਾ ਮਕਸਦ ਸਿਰਫ਼ ਚੋਰਾਂ ਨੂੰ ਕਾਬੂ ਕਰਨਾ ਹੀ ਨਹੀਂ, ਸਗੋਂ ਚੋਰੀ ਕੀਤੀਆਂ ਵਸਤਾਂ ਨੂੰ ਮੁੜ ਕਾਲਾ ਬਾਜ਼ਾਰ ਵਿੱਚ ਵੇਚਣ ਵਾਲਿਆਂ ਦੇ ਨੈੱਟਵਰਕ ਦਾ ਪਰਦਾਫਾਸ਼ ਕਰਨਾ ਹੈ। ਹਰਪ੍ਰੀਤ ਭੰਡਾਲ, ਮਨੀਸ਼, ਲਖਵਿੰਦਰ ਤੂਰ ਅਤੇ ਜਗਦੀਸ਼ ਪੰਧੇਰ ਖ਼ਿਲਾਫ਼ ਅਪਰਾਧਿਕ ਗਰੋਹ ਦੀਆਂ ਸਰਗਰਮੀਆਂ ਵਿੱਚ ਸ਼ਮੂਲੀਅਤ, ਅਪਰਾਧ ਰਾਹੀਂ ਹਾਸਲ ਪੰਜ ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ, ਅਪਰਾਧ ਰਾਹੀਂ ਹਾਸਲ ਪ੍ਰਾਪਰਟੀ ਵੇਚਣ ਅਤੇ 5 ਹਜ਼ਾਰ ਡਾਲਰ ਤੋਂ ਵੱਧ ਦੀ ਧੋਖਾਧੜੀ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ।