ਪਹਿਲਗਾਮ ਹਮਲੇ ਤੋਂ ਬਾਅਦ ਸਰਕਾਰ ਦੀ ਸਪੱਸ਼ਟ ਰਣਨੀਤੀ ਸਾਹਮਣੇ ਨਹੀਂ ਆਈ: ਖੜਗੇ

ਪਹਿਲਗਾਮ ਹਮਲੇ ਤੋਂ ਬਾਅਦ ਸਰਕਾਰ ਦੀ ਸਪੱਸ਼ਟ ਰਣਨੀਤੀ ਸਾਹਮਣੇ ਨਹੀਂ ਆਈ: ਖੜਗੇ

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਪਹਿਲਗਾਮ ਅਤਿਵਾਦੀ ਹਮਲੇ ਕਾਰਨ ਪੈਦਾ ਹੋਏ ਹਾਲਾਤ ਤੋਂ ਨਜਿੱਠਣ ਲਈ ਸਰਕਾਰ ਵੱਲੋਂ ਕੋਈ ਸਪੱਸ਼ਟ ਰਣਨੀਤੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਸਾਰੀ ਵਿਰੋਧੀ ਧਿਰ ਕੇਂਦਰ ਸਰਕਾਰ ਦੇ ਨਾਲ ਹੈ।

ਪਾਰਟੀ ਦੇ 24, ਅਕਬਰ ਰੋਡ ਸਥਿਤ ਦਫ਼ਤਰ ਵਿੱਚ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਮੀਟਿੰਗ ਵਿੱਚ ਆਪਣੇ ਸੰਬੋਧਨ ਦੌਰਾਨ ਖੜਗੇ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਪਾਰਟੀ ਦੀ ਜਾਤ ਆਧਾਰਿਤ ਜਨਗਣਨਾ ਦੀ ਮੰਗ ਨੂੰ ਸਵੀਕਾਰ ਕਰ ਲਿਆ ਹੈ ਪਰ ਇਸ ਫੈਸਲੇ ਦੇ ਸਮੇਂ ਨੇ ‘ਸਾਨੂੰ ਹੈਰਾਨ ਕਰ ਦਿੱਤਾ ਹੈ’। ਉਨ੍ਹਾਂ ਜਾਤ ਆਧਾਰਿਤ ਜਨਗਣਨਾ ਸਬੰਧੀ ਫੈਸਲੇ ਨੂੰ ਲੈ ਕੇ ਸਰਕਾਰ ਦੇ ਇਰਾਦੇ ’ਤੇ ਸ਼ੱਕ ਜ਼ਾਹਿਰ ਕੀਤਾ ਅਤੇ ਪਾਰਟੀ ਆਗੂਆਂ ਨੂੰ ਕਿਹਾ ਕਿ ਜਾਤੀ ਸਰਵੇਖਣ ਦੇ ਮੁੱਦੇ ਨੂੰ ਤਰਕ ਆਧਾਰਿਤ ਨਤੀਜੇ ਤੱਕ ਲਿਜਾਣ ਲਈ ਚੌਕਸ ਰਹਿਣ। ਕਾਂਗਰਸ ਪ੍ਰਧਾਨ ਨੇ ਜਾਤ ਆਧਾਰਿਤ ਜਨਗਣਨਾ ਕਰਵਾਉਣ ਦੇ ਸਰਕਾਰ ਦੇ ਫੈਸਲੇ ਦਾ ਸਿਹਰਾ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਸਿਰ ’ਤੇ ਬੰਨ੍ਹਦਿਆਂ ਕਿਹਾ, ‘‘ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਇਕ ਵਾਰ ਮੁੜ ਤੋਂ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਅਸੀਂ ਲੋਕਾਂ ਦੇ ਮੁੱਦਿਆਂ ਨੂੰ ਇਮਾਨਦਾਰੀ ਨਾਲ ਉਠਾਉਂਦੇ ਹਾਂ ਤਾਂ ਸਰਕਾਰ ਨੂੰ ਝੁਕਣਾ ਪੈਂਦਾ ਹੈ।’’ ਕਾਂਗਰਸ ਵਰਕਿੰਗ ਕਮੇਟੀ ਦੀ ਪਿਛਲੀ ਮੀਟਿੰਗ ਵਿੱਚ ਅਤਿਵਾਦ ਖ਼ਿਲਾਫ਼ ਲੜਾਈ ਵਿੱਚ ਕੇਂਦਰ ਨੂੰ ਦਿੱਤੇ ਗਏ ਹਰ ਸੰਭਵ ਸਹਿਯੋਗ ਦੇ ਭਰੋਸੇ ਦਾ ਜ਼ਿਕਰ ਕੀਤਾ।

ਪਾਕਿਸਤਾਨ ਨੂੰ ਸਬਕ ਸਿਖਾਉਣ ਦਾ ਸਮਾਂ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਅੱਜ ਕੇਂਦਰ ਨੂੰ ਪਹਿਲਗਾਮ ਹਮਲੇ ਦੇ ਮੱਦੇਨਜ਼ਰ ਅਤਿਵਾਦ ਦੀ ਲਗਾਤਾਰ ਬਰਾਮਦ ਕਰਨ ਲਈ ਪਾਕਿਸਤਾਨ ਨੂੰ ਸਜ਼ਾ ਦੇਣ ਵਾਸਤੇ ਦ੍ਰਿੜ੍ਹਤਾ ਨਾਲ ਕੰਮ ਕਰਨ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਇਕ ਰਾਸ਼ਟਰ ਵਜੋਂ ‘ਪਾਕਿਸਤਾਨ ਨੂੰ ਸਬਕ ਸਿਖਾਉਣ’ ਦੀ ਸਾਡੀ ਸਮੂਹਿਕ ਇੱਛਾਸ਼ਕਤੀ ਨੂੰ ਪ੍ਰਦਰਸ਼ਿਤ ਕਰਨ ਦਾ ਸਮਾਂ ਹੈ। ਕੌਮੀ ਏਕਤਾ ਤੇ ਸੰਕਲਪ ਦੀ ਅਪੀਲ ਕਰਦੇ ਹੋਏ ਕਾਂਗਰਸ ਨੇ ਦੇਸ਼ ਦੇ ਸਭ ਤੋਂ ਵੱਧ ਸੁਰੱਖਿਆ ਵਾਲੇ ਖੇਤਰਾਂ ’ਚੋਂ ਇਕ ਵਿੱਚ ਸੁਰੱਖਿਆ ਤੇ ਖੁ਼ਫੀਆ ਜਾਣਕਾਰੀ ਬਾਰੇ ਗੰਭੀਰ ਖਾਮੀਆਂ ਲਈ ਸਮਾਂਬੱਧ ਜਵਾਬਦੇਹੀ ਵਾਸਤੇ ਵੀ ਦਬਾਅ ਪਾਇਆ। ਵਿਰੋਧੀ ਪਾਰਟੀ ਵੱਲੋਂ ਕਾਂਗਰਸ ਵਰਕਿੰਗ ਕਮੇਟੀ (ਸੀਡਬਿਲਊਸੀ) ਦੀ ਮੀਟਿੰਗ ਵਿੱਚ ਪਾਸ ਪ੍ਰਸਤਾਵ ਵਿੱਚ ਇਹ ਦਾਅਵੇ ਕੀਤੇ ਗਏ ਹਨ। ਪ੍ਰਸਤਾਵ ਵਿੱਚ ਕਿਹਾ ਗਿਆ ਹੈ, ‘‘ਇਹ ਇਕ ਰਾਸ਼ਟਰ ਦੇ ਰੂਪ ਵਿੱਚ ਪਾਕਿਸਤਾਨ ਨੂੰ ਸਬਕ ਸਿਖਾਉਣ ਅਤੇ ਅਤਿਵਾਦ ਬਾਰੇ ਫੈਸਲਾਕੁਨ ਤੌਰ ’ਤੇ ਰੋਕ ਲਾਉਣ ਲਈ ਸਾਡੀ ਸਮੂਹਿਕ ਇੱਛਾ ਸ਼ਕਤੀ ਨੂੰ ਪ੍ਰਦਰਸ਼ਿਤ ਕਰਨ ਦਾ ਸਮਾਂ ਹੈ। ਇਸ ਕਾਇਰਾਨਾ ਹਮਲੇ ਦੇ ਮਾਸਟਰਮਾਈਂਡ ਤੇ ਅਪਰਾਧੀਆਂ ਨੂੰ ਉਨ੍ਹਾਂ ਦੇ ਕੰਮਾਂ ਲਈ ਪੂਰਨ ਨਤੀਜੇ ਭੁਗਤਣੇ ਹੋਣਗੇ।’’

ਜਾਤ ਆਧਾਰਿਤ ਜਨਗਣਨਾ ਦੇ ਹਰੇਕ ਗੇੜ ਲਈ ‘ਸਪੱਸ਼ਟ ਸਮਾਂ ਸੀਮਾ’ ਐਲਾਨਣ ਦੀ ਮੰਗ

ਕਾਂਗਰਸ ਨੇ ਸਰਕਾਰ ਨੂੰ ਜਾਤ ਆਧਾਰਿਤ ਜਨਗਣਨਾ ਦੇ ਹਰੇਕ ਗੇੜ ਲਈ ‘ਸਪੱਸ਼ਟ ਸਮਾਂ ਸੀਮਾ’ ਐਲਾਨਣ ਨੂੰ ਕਿਹਾ ਹੈ ਅਤੇ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਤੇ ਹੋਰ ਪੱਛੜੀਆਂ ਸ਼੍ਰੇਣੀਆਂ ਲਈ ਰਾਖਵੇਂਕਰਨ ’ਤੇ 50 ਫੀਸਦ ਦੀ ‘ਆਪਹੁਦਰੀ ਸੀਮਾ’ ਹਟਾਉਣ ਦੀ ਮੰਗ ਦੋਹਰਾਈ ਹੈ। ਵਿਰੋਧੀ ਪਾਰਟੀ ਨੇ ਸੀਡਬਲਿਬਊਸੀ ਵੱਲੋਂ ਪਾਸ ਇਕ ਪ੍ਰਸਤਾਵ ਵਿੱਚ ਇਹ ਦਾਅਵਾ ਕੀਤਾ ਹੈ। ਇਸ ਮੀਟਿੰਗ ਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੀਤੀ ਅਤੇ ਇਸ ਵਿੱਚ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਜੈਰਾਮ ਰਮੇਸ਼, ਕੇਸੀ ਵੇਣੂਗੋਪਾਲ ਤੇ ਪ੍ਰਿਯੰਕਾ ਗਾਂਧੀ ਵਾਡਰਾ ਸਣੇ ਹੋਰ ਆਗੂ ਸ਼ਾਮਲ ਸਨ।

Share: