ਸੁਰੱਖਿਆ ਫ਼ਿਕਰਾਂ ਕਾਰਨ ਪਾਕਿ ਨੇ ਕਰਾਚੀ, ਲਾਹੌਰ ਹਵਾਈ ਖੇਤਰ ’ਚ ਪਾਬੰਦੀਆਂ ਲਾਈਆਂ

ਇਸਲਾਮਾਬਾਦ :  ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਪਾਕਿਸਤਾਨ ਨੇ ਮਈ ਮਹੀਨੇ ਦੌਰਾਨ ਕਰਾਚੀ ਅਤੇ ਲਾਹੌਰ ਦੇ ਆਪਣੇ ਹਵਾਈ ਖੇਤਰ ਦੇ ਖਾਸ ਹਿੱਸਿਆਂ ਨੂੰ ਹਰ ਰੋਜ਼ ਚਾਰ ਘੰਟੇ ਲਈ ਬੰਦ ਕਰਨ ਦਾ ਐਲਾਨ ਕੀਤਾ ਹੈ ਅਤੇ ਦੇਸ਼ ਭਰ ਦੇ ਸਾਰੇ ਹਵਾਈ ਅੱਡਿਆਂ ਨੂੰ ਹਾਈ ਅਲਰਟ ‘ਤੇ ਰੱਖਿਆ ਹੈ। ਇਹ ਜਾਣਕਾਰੀ ਇੱਕ ਮੀਡੀਆ ਰਿਪੋਰਟ ਤੋਂ ਵੀਰਵਾਰ ਨੂੰ ਮਿਲੀ ਹੈ।

ਇਹ ਕਾਰਵਾਈ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਵਧੇ ਤਣਾਅ ਅਤੇ ਨਵੀਂ ਦਿੱਲੀ ਵੱਲੋਂ ਜਵਾਬੀ ਕਾਰਵਾਈ ਕੀਤੇ ਜਾਣ ਦੇ ਇਸਲਾਮਾਬਾਦ ਵਿਚ ਪਾਏ ਜਾ ਰਹੇ ਖਦਸ਼ੇ ਦੇ ਵਿਚਕਾਰ ਆਇਆ ਹੈ।

ਪਾਕਿਸਤਾਨੀ ਅਖ਼ਬਾਰ ਐਕਸਪ੍ਰੈਸ ਟ੍ਰਿਬਿਊਨ (Express Tribune) ਨੇ ਇੱਕ ਸਰਕਾਰੀ ਨੋਟਿਸ ਦੇ ਹਵਾਲੇ ਨਾਲ ਕਿਹਾ, “ਪਾਬੰਦੀਸ਼ੁਦਾ ਹਵਾਈ ਖੇਤਰ 1 ਮਈ ਤੋਂ 31 ਮਈ ਦੇ ਵਿਚਕਾਰ ਸਥਾਨਕ ਸਮੇਂ ਅਨੁਸਾਰ ਸਵੇਰੇ 4:00 ਵਜੇ ਤੋਂ ਸਵੇਰੇ 8:00 ਵਜੇ ਤੱਕ ਰੋਜ਼ਾਨਾ ਬੰਦ ਰਹੇਗਾ।”

ਪਾਕਿਸਤਾਨ ਦੀ ਸਿਵਲ ਏਵੀਏਸ਼ਨ ਅਥਾਰਟੀ (Civil Aviation Authority – CAA)) ਨੇ ਕਿਹਾ ਕਿ ਹਵਾਈ ਖੇਤਰ ਬੰਦ ਹੋਣ ਨਾਲ ਵਪਾਰਕ ਉਡਾਣ ਸੰਚਾਲਨ ਵਿੱਚ ਕੋਈ ਖਾਸ ਵਿਘਨ ਨਹੀਂ ਪਵੇਗਾ, ਕਿਉਂਕਿ ਪਾਬੰਦੀਸ਼ੁਦਾ ਘੰਟਿਆਂ ਦੌਰਾਨ ਜਹਾਜ਼ਾਂ ਨੂੰ ਵਿਕਲਪਿਕ ਉਡਾਣ ਮਾਰਗਾਂ ਰਾਹੀਂ ਭੇਜਿਆ ਜਾਵੇਗਾ। ਹਵਾਈ ਖੇਤਰ ਬਾਰੇ ਇਹ ਫੈਸਲਾ ਪਾਕਿਸਤਾਨ ਦੀ ਕੌਮੀ ਏਅਰਲਾਈਨ ਵੱਲੋਂ ਸੁਰੱਖਿਆ ਕਾਰਨਾਂ ਕਰਕੇ ਗਿਲਗਿਤ, ਸਕਾਰਦੂ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਹੋਰ ਉੱਤਰੀ ਖੇਤਰਾਂ ਲਈ ਸਾਰੀਆਂ ਉਡਾਣਾਂ ਰੱਦ ਕਰਨ ਤੋਂ ਇੱਕ ਦਿਨ ਬਾਅਦ ਆਇਆ ਹੈ।

ਗ਼ੌਰਤਲਬ ਹੈ ਕਿ 22 ਅਪਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ 26 ਲੋਕਾਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ, ਦੀ ਹੱਤਿਆ ਕਰਨ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਉੱਚ ਰੱਖਿਆ ਅਧਿਕਾਰੀਆਂ ਨੂੰ ਦੱਸਿਆ ਕਿ ਹਥਿਆਰਬੰਦ ਬਲਾਂ ਨੂੰ ਪਹਿਲਗਾਮ ਹਮਲੇ ਦੇ ਭਾਰਤ ਦੇ ਜਵਾਬ ਦੇ ਢੰਗ, ਟੀਚਿਆਂ ਅਤੇ ਸਮੇਂ ਬਾਰੇ ਫੈਸਲਾ ਲੈਣ ਲਈ “ਪੂਰੀ ਤਰ੍ਹਾਂ ਸੰਚਾਲਨ ਆਜ਼ਾਦੀ” ਹੈ।

Share: