ਪਾਕਿਸਤਾਨ ਜਾਣ ਵਾਲੇ ਪਰਿਵਾਰ ਅਟਾਰੀ ਸਰਹੱਦ ਤੋਂ ਨਿਰਾਸ਼ ਪਰਤੇ

ਪਾਕਿਸਤਾਨ ਜਾਣ ਵਾਲੇ ਪਰਿਵਾਰ ਅਟਾਰੀ ਸਰਹੱਦ ਤੋਂ ਨਿਰਾਸ਼ ਪਰਤੇ

ਅੰਮ੍ਰਿਤਸਰ : ਪਹਿਲਗਾਮ ਹਮਲੇ ਦੇ ਰੋਸ ਵਜੋਂ ਭਾਰਤ ਵੱਲੋਂ ਅਟਾਰੀ ਸਰਹੱਦ ਅੱਜ ਤੋਂ ਆਵਾਜਾਈ ਲਈ ਬੰਦ ਕਰ ਦਿੱਤੀ ਗਈ ਹੈ। ਅੱਜ ਵੱਡੀ ਗਿਣਤੀ ਪਾਕਿਸਤਾਨੀ ਨਾਗਰਿਕ ਪਾਕਿਸਤਾਨ ਜਾਣ ਲਈ ਅਟਾਰੀ ਸਰਹੱਦ ’ਤੇ ਪੁੱਜੇ ਪਰ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ। ਉਹ ਹੁਣ ਸਰਕਾਰ ਦੇ ਅਗਲੇ ਹੁਕਮਾਂ ਦੀ ਉਡੀਕ ਵਿੱਚ ਹਨ। ਅੱਜ ਪਹਿਲੀ ਮਈ ਤੋਂ ਸਰਹੱਦ ਅਤੇ ਆਈਸੀਪੀ ਦੇ ਦਰਵਾਜ਼ੇ ਆਵਾਜਾਈ ਤੇ ਵਪਾਰ ਲਈ ਮੁਕੰਮਲ ਤੌਰ ’ਤੇ ਬੰਦ ਕਰ ਦਿੱਤੇ ਗਏ ਹਨ। ਪਾਕਿਸਤਾਨ ਨਾਲ ਚੱਲਦਾ ਦੁਵੱਲਾ ਵਪਾਰ ਭਾਵੇਂ ਪਹਿਲਾਂ ਤੋਂ ਹੀ ਬੰਦ ਹੈ, ਪਰ ਹੁਣ ਨਵੇਂ ਆਦੇਸ਼ਾਂ ਤਹਿਤ ਅਫਗਾਨਿਸਤਾਨ ਨਾਲ ਪਾਕਿਸਤਾਨ ਰਸਤੇ ਚੱਲ ਰਿਹਾ ਵਪਾਰ ਵੀ ਬੰਦ ਹੋ ਚੁੱਕਾ ਹੈ। ਅੱਜ ਅਟਾਰੀ ਸਰਹੱਦ ’ਤੇ ਮੁਕੰਮਲ ਪਾਬੰਦੀ ਹੋਣ ਕਾਰਨ ਨਾ ਤਾਂ ਕੋਈ ਭਾਰਤ ਵਾਲੇ ਪਾਸਿਓਂ ਪਾਕਿਸਤਾਨ ਗਿਆ ਅਤੇ ਨਾ ਹੀ ਪਾਕਿਸਤਾਨ ਵਾਲੇ ਪਾਸਿਓਂ ਕੋਈ ਭਾਰਤ ਆਇਆ ਹੈ।

ਜਾਣਕਾਰੀ ਮੁਤਾਬਕ 40 ਤੋਂ ਵੱਧ ਪੁਰਸ਼, ਮਹਿਲਾਵਾਂ ਅਤੇ ਬੱਚੇ ਸਵੇਰੇ ਪਾਕਿਸਤਾਨ ਜਾਣ ਲਈ ਸਰਹੱਦ ’ਤੇ ਪੁੱਜੇ ਸਨ। ਇਨ੍ਹਾਂ ’ਚ ਦੋ ਔਰਤਾਂ ਸਈਦਾ ਸਮੀਰਾ ਫਾਤਿਮਾ ਅਤੇ ਸਈਦਾ ਸਫੀਰਾ ਫਾਤਿਮਾ ਜੰਮੂ-ਕਸ਼ਮੀਰ ਦੇ ਰਾਜੌਰੀ ਤੋਂ ਆਈਆਂ ਸਨ, ਜਿਨ੍ਹਾਂ ਨੂੰ ਉਨ੍ਹਾਂ ਦਾ ਰਿਸ਼ਤੇਦਾਰ ਮੁਰੱਵਤ ਹੁਸੈਨ ਸ਼ਾਹ ਛੱਡਣ ਵਾਸਤੇ ਆਇਆ ਸੀ। ਮੁਰੱਵਤ ਨੇ ਦੱਸਿਆ ਕਿ ਇਨ੍ਹਾਂ ਔਰਤਾਂ ਦਾ ਪਾਕਿਸਤਾਨ ਵਿੱਚ ਕੋਈ ਰਿਸ਼ਤੇਦਾਰ ਨਹੀਂ ਹੈ, ਫਿਰ ਵੀ ਸਰਕਾਰ ਵੱਲੋਂ ਇਨ੍ਹਾਂ ਨੂੰ ਜਬਰੀ ਪਾਕਿਸਤਾਨ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਦੋਵੇਂ 1983 ਵਿੱਚ ਭਾਰਤ ਆਈਆਂ ਸਨ। ਇਨ੍ਹਾਂ ਦੇ ਪਿਤਾ ਦੀ 1980 ਵਿੱਚ ਪਾਕਿਸਤਾਨ ’ਚ ਮੌਤ ਹੋ ਚੁੱਕੀ ਹੈ। ਹੁਣ ਇਨ੍ਹਾਂ ਦਾ ਉਧਰ ਕੋਈ ਵੀ ਨਹੀਂ ਹੈ। ਇਹ ਉਸ ਵੇਲੇ ਤੋਂ ਭਾਰਤ ’ਚ ਹੀ ਹਨ ਅਤੇ ਇਨ੍ਹਾਂ ਦਾ ਸਭ ਕੁਝ ਭਾਰਤ ਵਿੱਚ ਹੀ ਹੈ। ਉਹ ਪਾਕਿਸਤਾਨ ਵਾਪਸ ਨਹੀਂ ਜਾਣਾ ਚਾਹੁੰਦੀਆਂ ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਜਬਰੀ ਅਟਾਰੀ ਸਰਹੱਦ ’ਤੇ ਲਿਆਂਦਾ ਗਿਆ। ਇਸੇ ਤਰ੍ਹਾਂ ਇੱਕ ਹੋਰ ਔਰਤ ਨੇ ਦੱਸਿਆ ਕਿ ਉਹ ਕਰਾਚੀ ਦੀ ਰਹਿਣ ਵਾਲੀ ਹੈ ਪਰ ਉਸ ਦਾ ਬੱਚਾ ਭਾਰਤੀ ਪਾਸਪੋਰਟ ਧਾਰਕ ਹੈ। ਉਹ ਆਪਣੇ ਬੱਚੇ ਤੋਂ ਬਿਨਾਂ ਵਾਪਸ ਨਹੀਂ ਜਾਣਾ ਚਾਹੁੰਦੀ । ਉਸ ਨੇ ਰੋਂਦਿਆਂ ਅਪੀਲ ਕੀਤੀ ਕਿ ਉਸ ਨੂੰ ਆਪਣੇ ਬੱਚੇ ਨਾਲ ਰਹਿਣ ਦਿੱਤਾ ਜਾਵੇ ਜਾਂ ਬੱਚੇ ਨਾਲ ਵਾਪਸ ਜਾਣ ਦੀ ਆਗਿਆ ਦਿੱਤੀ ਜਾਵੇ।

ਆਈਸੀਪੀ ਦੇ ਉੱਚ ਅਧਿਕਾਰੀ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਮੁਤਾਬਕ ਸਰਹੱਦ ਆਵਾਜਾਈ ਵਾਸਤੇ ਅੱਜ ਤੋਂ ਮੁਕੰਮਲ ਤੌਰ ’ਤੇ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਨੇ 30 ਅਪਰੈਲ ਆਵਾਜਾਈ ਵਾਸਤੇ ਆਖਰੀ ਤਰੀਕ ਨਿਰਧਾਰਿਤ ਕੀਤੀ ਸੀ, ਜਿਸ ਤਹਿਤ ਅੱਜ ਕਿਸੇ ਨੂੰ ਵੀ ਭਾਰਤ ਤੋਂ ਪਾਕਿਸਤਾਨ ਜਾਣ ਜਾਂ ਪਾਕਿਸਤਾਨ ਤੋਂ ਭਾਰਤ ਆਉਣ ਦੀ ਆਗਿਆ ਨਹੀਂ ਦਿੱਤੀ ਗਈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਆਖਰੀ ਦਿਨ 300 ਤੋਂ ਵੱਧ ਵਿਅਕਤੀ ਦੋਵੇਂ ਪਾਸਿਓਂ ਆਪੋ-ਆਪਣੇ ਮੁਲਕਾਂ ਵਿੱਚ ਪਰਤੇ ਸਨ।

16 ਪਾਕਿਸਤਾਨੀ ਹਿੰਦੂ ਵੀ ਭਾਰਤ ’ਚ ਫਸੇ

ਸਰਹੱਦ ’ਤੇ ਲਗਪਗ 16 ਪਾਕਿਸਤਾਨੀ ਹਿੰਦੂ ਨਾਗਰਿਕ ਵੀ ਪੁੱਜੇ, ਜੋ ਇਥੇ ਆਪਣੇ ਬਜ਼ੁਰਗਾਂ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਵਾਸਤੇ ਹਰਿਦੁਆਰ ਯਾਤਰਾ ’ਤੇ ਆਏ ਸਨ। ਉਹ ਵੀ ਵਾਪਸ ਪਰਤਣ ਦੀ ਉਡੀਕ ਵਿੱਚ ਇੱਥੇ ਖੜ੍ਹੇ ਰਹੇ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਵਾਪਸ ਪਰਤਣ ਸਮੇਂ ਰਸਤੇ ’ਚ ਉਨ੍ਹਾਂ ਦੀ ਟੈਕਸੀ ਖਰਾਬ ਹੋ ਗਈ ਸੀ ਅਤੇ ਉਹ ਦੇਰ ਰਾਤ ਨੂੰ ਇੱਥੇ ਪੁੱਜੇ ਸਨ। ਜਾਣਕਾਰੀ ਮੁਤਾਬਕ ਇਹ ਸ਼ਾਮ ਵੇਲੇ ਤੱਕ ਇੱਥੇ ਅਗਲੇ ਹੁਕਮਾਂ ਦੀ ਉਡੀਕ ਵਿੱਚ ਖੜ੍ਹੇ ਰਹੇ ਪਰ ਇਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ।

Share: