ਅਮਰੀਕੀ ਰੱਖਿਆ ਏਜੰਸੀ ਵੱਲੋਂ ਭਾਰਤ ਨੂੰ ਫ਼ੌਜੀ ਸਾਜ਼ੋ-ਸਾਮਾਨ ਦੀ ਸਪਲਾਈ ਨੂੰ ਪ੍ਰਵਾਨਗੀ

ਅਮਰੀਕੀ ਰੱਖਿਆ ਏਜੰਸੀ ਵੱਲੋਂ ਭਾਰਤ ਨੂੰ ਫ਼ੌਜੀ ਸਾਜ਼ੋ-ਸਾਮਾਨ ਦੀ ਸਪਲਾਈ ਨੂੰ ਪ੍ਰਵਾਨਗੀ

ਨਵੀਂ ਦਿੱਲੀ: ਅਮਰੀਕਾ ਨੇ ਭਾਰਤ ਨੂੰ 13.1 ਕਰੋੜ ਡਾਲਰ ਮੁੱਲ ਦੇ ਅਹਿਮ ਫੌਜੀ ਉਪਕਰਣ ਅਤੇ ਹੋਰ ਲੌਜਿਸਟਿਕ ਸਹਾਇਤਾ ਸਮੱਗਰੀਆਂ ਦੀ ਸਪਲਾਈ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਅਤੇ ਅਮਰੀਕਾ ਵਿਚਕਾਰ ਰਣਨੀਤਕ ਸਬੰਧਾਂ ਤਹਿਤ ਇਹ ਮਨਜ਼ੂਰੀ ਪ੍ਰਦਾਨ ਕੀਤੀ ਗਈ ਹੈ। ਅਮਰੀਕਾ ਵੱਲੋਂ ਜਾਰੀ ਬਿਆਨ ਮੁਤਾਬਕ ਪੈਂਟਾਗਨ ਅਧੀਨ ਕੰਮ ਕਰਨ ਵਾਲੀ ਰੱਖਿਆ ਸੁਰੱਖਿਆ ਸਹਿਯੋਗ ਏਜੰਸੀ (ਡੀਐੱਸਸੀਏ) ਨੇ ਫੌਜੀ ਸਾਜ਼ੋ-ਸਾਮਾਨ ਦੀ ਸਪਲਾਈ ਲਈ ਲੋੜੀਂਦਾ ਸਰਟੀਫਿਕੇਟ ਦਿੱਤਾ ਹੈ ਅਤੇ ਸੰਭਾਵਿਤ ਵਿਕਰੀ ਬਾਰੇ ਅਮਰੀਕੀ ਕਾਂਗਰਸ ਨੂੰ ਜਾਣਕਾਰੀ ਦੇ ਦਿੱਤੀ ਹੈ। ਭਾਰਤ ਨੂੰ ਫੌਜੀ ਉਪਕਰਣਾਂ ਦੀ ਸਪਲਾਈ ਲਈ ਇਹ ਮਨਜ਼ੂਰੀ ਅਜਿਹੇ ਸਮੇਂ ਦਿੱਤੀ ਗਈ ਹੈ ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਦਾ ਪ੍ਰਸ਼ਾਸਨ ਨਵੀਂ ਦਿੱਲੀ ’ਤੇ ਅਮਰੀਕਾ ਤੋਂ ਫੌਜੀ ਸਾਜ਼ੋ-ਸਾਮਾਨ ਦੀ ਖ਼ਰੀਦ ਵਧਾਉਣ ਲਈ ਦਬਾਅ ਪਾ ਰਿਹਾ ਹੈ। ‘ਵਿਦੇਸ਼ੀ ਮਿਲਟਰੀ ਸੇਲ’ ਰੂਟ ਰਾਹੀਂ ਤਜਵੀਜ਼ਤ ਸਪਲਾਈ ਭਾਰਤ-ਪ੍ਰਸ਼ਾਂਤ ਸਮੁੰਦਰੀ ਖੇਤਰ ਜਾਗਰੂਕਤਾ ਪ੍ਰੋਗਰਾਮ ਦੇ ਢਾਂਚੇ ਤਹਿਤ ਭਾਰਤ-ਅਮਰੀਕਾ ਸਹਿਯੋਗ ਨਾਲ ਜੁੜੀ ਹੋਈ ਹੈ। ਡੀਐੱਸਸੀਏ ਦਾ ਮਿਸ਼ਨ ਸਾਂਝੀਆਂ ਚੁਣੌਤੀਆਂ ਦਾ ਜਵਾਬ ਦੇਣ ਲਈ ਵਿਦੇਸ਼ੀ ਸੁਰੱਖਿਆ ਬਲਾਂ ਦੀ ਸਮਰੱਥਾ ਦਾ ਨਿਰਮਾਣ ਕਰਕੇ ਅਮਰੀਕੀ ਕੌਮੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਹਿੱਤਾਂ ਨੂੰ ਅੱਗੇ ਵਧਾਉਣਾ ਹੈ। ਅਮਰੀਕੀ ਬਿਆਨ ’ਚ ਕਿਹਾ ਗਿਆ ਹੈ ਕਿ ਭਾਰਤ ਨੇ ਸਮੁੰਦਰੀ ਵਿਜ਼ਨ ਸਾਫਟਵੇਅਰ, ਰਿਮੋਟ ਸਾਫਟਵੇਅਰ ਅਤੇ ਅਨੈਲੀਟਿਕ ਸਪੋਰਟ ਖ਼ਰੀਦਣ ਤੋਂ ਇਲਾਵਾ ਸਮੁੰਦਰੀ ਵਿਜ਼ਨ ਦਸਤਾਵੇਜ ਖ਼ਰੀਦਣ ਦੀ ਅਪੀਲ ਕੀਤੀ ਸੀ। 

Share: