ਵਾਸ਼ਿੰਗਟਨ : ਨਿਊਜ਼ਵੀਕ ਦੀ ਰਿਪੋਰਟ ਅਨੁਸਾਰ ਅਮਰੀਕਾ ਵਿੱਚ ਪਾਕਿਸਤਾਨ ਦੇ ਰਾਜਦੂਤ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਭਾਰਤ ਨਾਲ ਤਣਾਅ ਘਟਾਉਣ ਵਿੱਚ ਮਦਦ ਦੀ ਅਪੀਲ ਕੀਤੀ ਹੈ ਕਿਉਂਕਿ ਉਹ ਇੱਕੋ ਸਮੇਂ ਯੂਰਪ ਅਤੇ ਪੱਛਮੀ ਏਸ਼ੀਆ ਵਿੱਚ ਵਿਵਾਦਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਪਾਕਿਸਤਾਨ ਦੇ ਰਾਜਦੂਤ ਰਿਜ਼ਵਾਨ ਸਈਦ ਸ਼ੇਖ ਨੇ ਕਿਹਾ ਕਿ ਇੱਕ ਰਾਸ਼ਟਰਪਤੀ, ‘ਜੋ ਕੁੱਲ ਆਲਮ ਵਿਚ ਅਮਨ ਸ਼ਾਂਤੀ ਦੇ ਸਪੱਸ਼ਟ ਉਦੇਸ਼ ਲਈ ਖੜ੍ਹਾ ਹੈ, ਲਈ ਕਸ਼ਮੀਰ ਤੋਂ ਵੱਡਾ ਕੋਈ ਮਸਲਾ ਨਹੀਂ ਹੋ ਸਕਦਾ। ਪਾਕਿਸਤਾਨੀ ਰਾਜਦੂਤ ਦੀ ਇਹ ਟਿੱਪਣੀ ਅਜਿਹੇ ਮੌਕੇ ਆਈ ਹੈ ਜਦੋਂ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਅਤਿਵਾਦੀਆਂ ਵੱਲੋਂ 26 ਲੋਕਾਂ, ਜਿਨ੍ਹਾਂ ਵਿੱਚੋਂ ਬਹੁਤੇ ਸੈਲਾਨੀ ਸਨ, ਦੀ ਹੱਤਿਆ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚ ਤਣਾਅ ਸਿਖਰ ’ਤੇ ਹੈ।
ਇਸ ਦੌਰਾਨ ਜੀਓ ਨਿਊਜ਼ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ-ਜ਼ਰਦਾਰੀ ਨੇ ਵੀਰਵਾਰ ਨੂੰ ਕੌਮਾਂਤਰੀ ਭਾਈਚਾਰੇ ਨੂੰ ਪਾਕਿਸਤਾਨ ਅਤੇ ਭਾਰਤ ਵਿਚਕਾਰ ਸੰਭਾਵੀ ਟਕਰਾਅ ਨੂੰ ਰੋਕਣ ਲਈ ਦਖਲ ਦੇਣ ਦੀ ਅਪੀਲ ਕੀਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਉੱਚ ਰੱਖਿਆ ਅਧਿਕਾਰੀਆਂ ਨਾਲ ਬੈਠਕ ਦੌਰਾਨ ਕਿਹਾ ਸੀ ਕਿ ਹਥਿਆਰਬੰਦ ਬਲਾਂ ਨੂੰ ਪਹਿਲਗਾਮ ਹਮਲੇ ਦੀ ਜਵਾਬੀ ਕਾਰਵਾਈ ਦੇ ਢੰਗ ਤਰੀਕਿਆਂ, ਟੀਚਿਆਂ ਅਤੇ ਸਮੇਂ ਬਾਰੇ ਫੈਸਲਾ ਲੈਣ ਦੀ ‘ਪੂਰੀ ਖੁੱਲ੍ਹ’ ਹੈ।
ਸ਼ੇਖ਼ ਨੇ ਬੁੱਧਵਾਰ ਨੂੰ ਨਿਊਜ਼ਵੀਕ ਨੂੰ ਦੱਸਿਆ, ‘‘ਜੇਕਰ ਸਾਡੇ ਕੋਲ ਇੱਕ ਅਜਿਹਾ ਰਾਸ਼ਟਰਪਤੀ ਹੈ ਜੋ ਇਸ ਪ੍ਰਸ਼ਾਸਨ ਦੌਰਾਨ ਇੱਕ ਸਪੱਸ਼ਟ ਉਦੇਸ਼ ਵਜੋਂ ਦੁਨੀਆ ਵਿੱਚ ਸ਼ਾਂਤੀ ਲਈ ਖੜ੍ਹਾ ਹੈ, ਇੱਕ ਸ਼ਾਂਤੀ ਨਿਰਮਾਤਾ ਵਜੋਂ ਵਿਰਾਸਤ ਸਥਾਪਤ ਕਰਨਾ ਚਾਹੁੰਦਾ ਹੈ- ਜਾਂ ਇੱਕ ਅਜਿਹੇ ਵਿਅਕਤੀ ਵਜੋਂ ਜਿਸ ਨੇ ਜੰਗਾਂ ਨੂੰ ਖਤਮ ਕੀਤਾ, ਜੰਗਾਂ ਨੂੰ ਟਾਲਿਆ ਅਤੇ ਵਿਵਾਦਾਂ ਨੂੰ ਸੁਲਝਾਉਣ ਵਿੱਚ ਭੂਮਿਕਾ ਨਿਭਾਈ- ਤਾਂ ਮੈਨੂੰ ਨਹੀਂ ਲੱਗਦਾ ਕਿ ਕਸ਼ਮੀਰ ਵਰਗਾ ਕੋਈ ਹੋਰ ਮੁੱਦਾ ਹੈ…ਖਾਸ ਕਰਕੇ ਪ੍ਰਮਾਣੂ ਸ਼ਬਦਾਂ ਵਿੱਚ।’’