ਭਾਰਤ ਨੂੰ ਹੋਰ ਸਿਨੇਮਾਘਰ ਬਣਾਉਣ ਲਈ ਨਿਵੇਸ਼ ਕਰਨ ਦੀ ਲੋੜ ਹੈ: ਆਮਿਰ ਖਾਨ

ਭਾਰਤ ਨੂੰ ਹੋਰ ਸਿਨੇਮਾਘਰ ਬਣਾਉਣ ਲਈ ਨਿਵੇਸ਼ ਕਰਨ ਦੀ ਲੋੜ ਹੈ: ਆਮਿਰ ਖਾਨ

ਮੁੰਬਈ : ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਇਕ ਫਿਲਮ ਪ੍ਰੇਮੀ ਦੇਸ਼ ਹੈ ਪਰ ਇਸਦੇ ਜ਼ਿਆਦਾਤਰ ਲੋਕਾਂ ਕੋਲ ਸਿਨੇਮਾਘਰਾਂ ਤੱਕ ਦੀ ਪਹੁੰਚ ਨਹੀਂ ਹੈ। ਇੱਥੇ ਪਹਿਲੇ ਵਿਸ਼ਵ ਆਡੀਓ ਵਿਜ਼ੂਅਲ ਅਤੇ ਮਨੋਰੰਜਨ ਸੰਮੇਲਨ (ਵੇਵਜ਼) ਦੇ ਦੂਜੇ ਦਿਨ 60 ਸਾਲਾ ਅਦਾਕਾਰ ਨੇ “ਸਟੂਡੀਓਜ਼ ਆਫ਼ ਦ ਫਿਊਚਰ: ਪੁਟਿੰਗ ਇੰਡੀਆ ਆਨ ਵਰਲਡ ਸਟੂਡੀਓ ਮੈਪ” ਸਿਰਲੇਖ ਵਾਲੇ ਇਕ ਸੈਸ਼ਨ ਵਿਚ ਹਿੱਸਾ ਲਿਆ। ਆਮਿਰ ਖਾਨ ਨੇ ਕਿਹਾ ਕਿ ਉਦਯੋਗ ਦੇ ਵਿਕਾਸ ਨੂੰ ਵਧਾਉਣ ਲਈ ਬੁਨਿਆਦੀ ਢਾਂਚੇ ਵਿਚ ਨਿਵੇਸ਼ ਦੀ ਗੰਭੀਰ ਲੋੜ ਹੈ। ਅਦਾਕਾਰ ਨੇ ਕਿਹਾ, ‘‘ਮੇਰਾ ਵਿਸ਼ਵਾਸ ਹੈ ਕਿ ਸਾਨੂੰ ਭਾਰਤ ਵਿਚ ਬਹੁਤ ਸਾਰੇ ਹੋਰ ਸਿਨੇਮਾਘਰ ਅਤੇ ਵੱਖ-ਵੱਖ ਕਿਸਮਾਂ ਦੇ ਸਿਨੇਮਾਘਰ ਹੋਣ ਦੀ ਜ਼ਰੂਰਤ ਹੈ। ਦੇਸ਼ ਵਿਚ ਅਜਿਹੇ ਜ਼ਿਲ੍ਹੇ ਅਤੇ ਵਿਸ਼ਾਲ ਖੇਤਰ ਹਨ ਜਿਨ੍ਹਾਂ ਕੋਲ ਇਕ ਵੀ ਸਿਨੇਮਾ ਘਰ ਨਹੀਂ ਹੈ।’’

ਸੁਪਰਸਟਾਰ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਸਿਨੇਮਾ ਸਕ੍ਰੀਨਾਂ ਦੀ ਗਿਣਤੀ ਦੇ ਮਾਮਲੇ ਵਿਚ ਅਮਰੀਕਾ ਅਤੇ ਚੀਨ ਤੋਂ ਬਹੁਤ ਪਿੱਛੇ ਹੈ। ਉਨ੍ਹਾਂ ਕਿਹਾ ਦੇਸ਼ ਦੇ ਆਕਾਰ ਅਤੇ ਇੱਥੇ ਰਹਿਣ ਵਾਲੇ ਲੋਕਾਂ ਦੀ ਗਿਣਤੀ ਦੇ ਹਿਸਾਬ ਨਾਲ ਸਾਡੇ ਕੋਲ ਬਹੁਤ ਘੱਟ ਸਿਨੇਮਾਘਰ ਹਨ। ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਲਗਭਗ 10,000 ਸਕ੍ਰੀਨਾਂ ਹਨ। ਅਮਰੀਕਾ ਵਿਚ ਜਿਸਦੀ ਆਬਾਦੀ ਭਾਰਤ ਦੀ ਇਕ ਤਿਹਾਈ ਹੈ, ਉਨ੍ਹਾਂ ਕੋਲ 40,000 ਸਕ੍ਰੀਨਾਂ ਹਨ। ਇਸ ਲਈ ਉਹ ਸਾਡੇ ਤੋਂ ਬਹੁਤ ਅੱਗੇ ਹਨ। ਚੀਨ ਕੋਲ 90,000 ਸਕ੍ਰੀਨਾਂ ਹਨ।

Share: