ਢਾਕਾ: ਬੰਗਲਾਦੇਸ਼ ਹਾਈ ਕੋਰਟ ਨੇ ਕੌਮੀ ਝੰਡੇ ਦੇ ਅਪਮਾਨ ਦੇ ਦੋਸ਼ ਹੇਠ ਕਰੀਬ ਪੰਜ ਮਹੀਨੇ ਤੋਂ ਜੇਲ੍ਹ ਵਿੱਚ ਬੰਦ ਹਿੰਦੂ ਆਗੂ ਚਿਨਮਯ ਕ੍ਰਿਸ਼ਨ ਦਾਸ ਨੂੰ ਅੱਜ ਜ਼ਮਾਨਤ ’ਤੇ ਰਿਹਾਅ ਕਰਨ ਦਾ ਆਦੇਸ਼ ਦਿੱਤਾ। ਹਾਈ ਕੋਰਟ ਦੇ ਇਕ ਅਧਿਕਾਰੀ ਨੇ ਕਿਹਾ, ‘‘ਦੋ ਜੱਜਾਂ ਦੇ ਬੈਂਚ ਨੇ ਆਪਣੇ ਪਹਿਲਾਂ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਅਧਿਕਾਰੀਆਂ ਨੂੰ ਸਵਾਲ ਕੀਤਾ ਕਿ ਉਸ ਨੂੰ ਜ਼ਮਾਨਤ ਕਿਉਂ ਨਹੀਂ ਦਿੱਤੀ ਜਾਣੀ ਚਾਹੀਦੀ ਹੈ।’’ ਜਸਟਿਸ ਅਤਾਉਰ ਰਹਿਮਾਨ ਅਤੇ ਜਸਟਿਸ ਅਲੀ ਰਜ਼ਾ ਦੇ ਬੈਂਚ ਨੇ ਆਪਣੇ ਪਿਛਲੇ ਫੈਸਲੇ ’ਤੇ ਅੰਤਿਮ ਸੁਣਵਾਈ ਤੋਂ ਬਾਅਦ ਜ਼ਮਾਨਤ ਮਨਜ਼ੂਰ ਕੀਤੀ। ਬੰਗਲਾਦੇਸ਼ ਦੇ ਚਟਗਾਓਂ ਦੀ ਕੋਤਵਾਲੀ ਪੁਲੀਸ ਨੇ 31 ਅਕਤੂਬਰ ਨੂੰ ਦਾਸ ਤੇ 18 ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸਕੌਨ ਦੇ ਸਾਬਕਾ ਆਗੂ ਦਾਸ ਨੂੰ 25 ਨਵੰਬਰ ਨੂੰ ਢਾਕਾ ਦੇ ਹਜ਼ਰਤ ਸ਼ਾਹਜਲਾਲ ਹਵਾਈ ਅੱਡੇ ’ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਦਾਸ ਨੂੰ ਗ੍ਰਿਫ਼ਤਾਰੀ ਮਗਰੋਂ ਦੱਖਣ-ਪੂਰਬੀ ਬੰਦਰਗਾਹ ਸ਼ਹਿਰ ਚਟਗਾਓਂ ਦੀ ਅਦਾਲਤ ’ਚ ਲਿਜਾਇਆ ਗਿਆ ਸੀ, ਜਿਸ ਨੇ ਅਗਲੇ ਦਿਨ ਉਸ ਦੀ ਜ਼ਮਾਨਤ ਪਟੀਸ਼ਨ ਖਾਰਜ ਕਰਦੇ ਹੋਏ ਉਸ ਨੂੰ ਜੇਲ੍ਹ ਭੇਜ ਦਿੱਤਾ ਸੀ।
Posted inNews