ਰਾਹੁਲ ਵੱਲੋਂ ਸ਼ੁਭਮ ਦਿਵੇਦੀ ਦੇ ਪਰਿਵਾਰ ਨਾਲ ਮੁਲਾਕਾਤ

ਰਾਹੁਲ ਵੱਲੋਂ ਸ਼ੁਭਮ ਦਿਵੇਦੀ ਦੇ ਪਰਿਵਾਰ ਨਾਲ ਮੁਲਾਕਾਤ

ਕਾਨਪੁਰ/ਅਮੇਠੀ : ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਦਹਿਸ਼ਤੀ ਹਮਲੇ ’ਚ ਮਾਰੇ ਗਏ ਕਾਨਪੁਰ ਵਾਸੀ ਸ਼ੁਭਮ ਦਿਵੇਦੀ ਦੇ ਪਰਿਵਾਰ ਨਾਲ ਅੱਜ ਮੁਲਾਕਾਤ ਕੀਤੀ ਤੇ ਕਿਹਾ ਕਿ ਇਸ ਘਟਨਾ ਦੇ ਮੱਦੇਨਜ਼ਰ ਸੰਸਦ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾਣਾ ਚਾਹੀਦਾ ਹੈ। ਹਮਲੇ ’ਚ 26 ਵਿਅਕਤੀ ਮਾਰੇ ਗਏ ਸਨ।

ਰਾਹੁਲ ਨੇ ਐੱਕਸ ’ਤੇ ਪੋਸਟ ’ਚ ਕਿਹਾ, ‘‘ਪਹਿਲਗਾਮ ਦਹਿਸ਼ਤੀ ਹਮਲੇ ’ਚ ਜਾਨ ਗੁਆਉਣ ਵਾਲੇ ਸ਼ੁਭਮ ਦਿਵੇਦੀ ਦੇ ਪਰਿਵਾਰ ਨਾਲ ਅੱਜ ਮੁਲਾਕਾਤ ਕਰਕੇ ਉਨ੍ਹਾਂ ਨੂੰ ਢਾਰਸ ਦਿੱਤੀ।’’ ਕਾਂਗਰਸੀ ਆਗੂ ਨੇ ਕਿਹਾ, ‘‘ਇਸ ਦੁੱਖ ਦੀ ਘੜੀ ’ਚ ਪੂਰਾ ਮੁਲਕ ਉਨ੍ਹਾਂ ਦੇ ਨਾਲ ਖੜ੍ਹਾ ਹੈ। ਦਹਿਸ਼ਤਗਰਦਾਂ ਖ਼ਿਲਾਫ਼ ਠੋਸ ਕਾਰਵਾਈ ਹੋਣੀ ਚਾਹੀਦੀ ਹੈ ਤੇ ਪੀੜਤਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ। ਇਸੇ ਮਕਸਦ ਨਾਲ ਸਾਝੀ ਵਿਰੋਧੀ ਧਿਰ ਨੇ ਸਰਕਾਰ ਨੂੰ ਪੂਰਾ ਸਮਰਥਨ ਦਿੱਤਾ ਹੈ ਤੇ ਸੰਸਦ ਦਾ ਵਿਸ਼ੇਸ਼ ਸ਼ੈਸਨ ਸੱਦਣ ਦੀ ਮੰਗ ਕੀਤੀ ਹੈ।’’

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਲੋਕ ਸਭਾ ਚੋਣਾਂ ਮਗਰੋਂ ਅੱਜ ਪਹਿਲੀ ਵਾਰ ਅਮੇਠੀ ਪਹੁੰਚੇ ਤੇ ਮੁਨਸ਼ੀਗੰਜ ’ਚ ਅਸਲਾ (ਆਰਡਨੈਂਸ) ਕਾਰਖਾਨੇ ਦਾ ਨਿਰੀਖਣ ਕੀਤਾ। ਰਾਹੁਲ ਨੇ 2007 ’ਚ ਯੂਪੀਏ ਸਰਕਾਰ ਦੌਰਾਨ ਇਸ ਦਾ ਕਾਰਖਾਨੇ ਦਾ ਨੀਂਹ ਪੱਥਰ ਰੱਖਿਆ ਸੀ। ਉਨ੍ਹਾਂ ਨੇ ਇਸੇ ਕੰਪਲੈਕਸ ’ਚ ਇੰਡੋ-ਏਸ਼ੀਅਨ ਰਾਈਫਲਸ ਪ੍ਰਾਈਵੇਟ ਲਿਮਟਿਡ ਦੀ ਯੂਨਿਟ, ਜਿਸ ਦਾ ਉਦਘਾਟਨ 2019 ’ਚ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਸੀ, ਦਾ ਨਿਰੀਖਣ ਵੀ ਕੀਤਾ। ਦੋਵਾਂ ਯੂਨਿਟਾਂ ’ਚ ਰਾਈਫਲਾਂ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ। ਰਾਹੁਲ ਨੇ ਦੋਵਾਂ ਕਾਰਖਾਨਿਆਂ ’ਚ ਇੱਕ ਘੰਟਾ ਬਿਤਾਇਆ ਤੇ ਰਾਈਫਲਾਂ ਦਾ ਨਿਰੀਖਣ ਕੀਤਾ। ਇਸ ਮਗਰੋਂ ਉਹ ਸੰਜੈ ਗਾਂਧੀ ਹਸਪਤਾਲ ਗਏ ਤੇ ਨਵੀਂ ਹਾਰਟ ਯੂਨਿਟ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਇੰਦਰਾ ਗਾਂਧੀ ਕਾਲਜ ਆਫ ਨਰਸਿੰਗ ਦਾ ਦੌਰਾ ਵੀ ਕੀਤਾ।

ਪਹਿਲਗਾਮ ਹਮਲੇ ਦੇ ਜ਼ਿੰਮੇਵਾਰਾਂ ਨੂੰ ਕੀਮਤ ਚੁਕਾਉਣੀ ਪਵੇਗੀ: ਰਾਹੁਲ ਗਾਂਧੀ

ਨਵੀਂ ਦਿੱਲੀ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪਹਿਲਗਾਮ ਹਮਲੇ ਲਈ ਜ਼ਿੰਮੇਵਾਰਾਂ ਨੂੰ ਇਸ ਕਾਰੇ ਦੀ ਕੀਮਤ ਚੁਕਾਉਣੀ ਪਵੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਸਬੰਧੀ ਢਿੱਲਮੱਠ ਨਹੀਂ ਬਲਕਿ ਠੋਸ ਕਾਰਵਾਈ ਕਰਨੀ ਚਾਹੀਦੀ ਹੈ। ਕਾਂਗਰਸ ਦੇ ਹੈੱਡਕੁਆਰਟਰ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦਹਿਸ਼ਤਗਰਦਾਂ ਨੂੰ ਕਰਾਰ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਉਹ ਯਾਦ ਰੱਖਣ ਕਿ ਭਾਰਤ ਨਾਲ ਅਜਿਹਾ ਨਹੀਂ ਕੀਤਾ ਜਾ ਸਕਦਾ।

Share: