1 ਮਈ ਤੋਂ ਅਟਾਰੀ ਸਰਹੱਦ ਆਵਾਜਾਈ ਵਾਸਤੇ ਮੁਕੰਮਲ ਬੰਦ

1 ਮਈ ਤੋਂ ਅਟਾਰੀ ਸਰਹੱਦ ਆਵਾਜਾਈ ਵਾਸਤੇ ਮੁਕੰਮਲ ਬੰਦ

ਅੰਮ੍ਰਿਤਸਰ : ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ 1 ਮਈ ਨੂੰ ਅਟਾਰੀ ਸਰਹੱਦ ਮੁਕੰਮਲ ਤੌਰ ’ਤੇ ਬੰਦ ਕੀਤੇ ਜਾਣ ਤੋਂ ਪਹਿਲਾਂ ਅੱਜ ਆਖਰੀ ਦਿਨ ਲਗਪਗ 300 ਤੋਂ ਵੱਧ ਵਿਅਕਤੀ ਦੋਵਾਂ ਦੇਸ਼ਾਂ ਤੋਂ ਆਪੋ ਆਪਣੇ ਮੁਲਕਾਂ ਵਿੱਚ ਵਾਪਸ ਪਰਤੇ ਹਨ। ਦੇਸ਼ ਵਾਪਸੀ ਕਰਨ ਵਾਲਿਆਂ ਵਿੱਚ ਜੰਮੂ ਕਸ਼ਮੀਰ ਸੂਬੇ ਤੋਂ ਕਈ ਅਜਿਹੇ ਵਿਅਕਤੀ ਸਨ, ਜਿਨ੍ਹਾਂ ਨੂੰ ਉਥੋਂ ਦੇ ਪ੍ਰਸ਼ਾਸਨ ਵੱਲੋਂ ਜਬਰੀ ਵਾਪਸ ਭੇਜਿਆ ਗਿਆ ਹੈ। ਇਨ੍ਹਾਂ ਵਿੱਚ ਕੁਝ ਮਾਵਾਂ ਅਜਿਹੀਆਂ ਸਨ, ਜਿਨ੍ਹਾਂ ਦੀ ਨਾਗਰਿਕਤਾ ਤਾਂ ਪਾਕਿਸਤਾਨੀ ਹੈ, ਪਰ ਉਹ ਵਿਆਹੀਆਂ ਭਾਰਤ ਵਿੱਚ ਹੋਈਆਂ ਹਨ। ਉਨ੍ਹਾਂ ਦੇ ਬੱਚੇ ਅਤੇ ਪਰਿਵਾਰ ਭਾਰਤ ਵਿੱਚ ਹਨ। ਉਨ੍ਹਾਂ ਨੂੰ ਵਾਪਸ ਭੇਜਣ ਸਮੇਂ ਪਰਿਵਾਰ ਰੋ ਕੁਰਲਾ ਰਹੇ ਸਨ।

ਅਜਿਹੇ ਪਰਿਵਾਰਾਂ ਵਿੱਚ ਸਾਰਾ ਖਾਨ ਨਾਂ ਦੀ ਇੱਕ ਔਰਤ ਵੀ ਸ਼ਾਮਲ ਸੀ, ਜਿਸ ਦੇ ਘਰ ਕਰੀਬ 10 ਦਿਨ ਪਹਿਲਾਂ ਹੀ ਬੱਚਾ ਹੋਇਆ ਹੈ ਅਤੇ ਪੁਲੀਸ ਉਸ ਨੂੰ ਰਾਤ ਵੇਲੇ ਘਰੋਂ ਲੈ ਆਈ ਸੀ ਅਤੇ ਅੱਜ ਪਾਕਿਸਤਾਨ ਭੇਜ ਦਿੱਤਾ ਹੈ। ਇਸ ਔਰਤ ਨੇ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਜਾਣ ਤੋਂ ਪਹਿਲਾਂ ਦੱਸਿਆ ਕਿ ਉਹ 1965 ਵਿੱਚ ਵੰਡੇ ਗਏ ਕਸ਼ਮੀਰ ਦੇ ਪਾਕਿਸਤਾਨ ਵਾਲੇ ਹਿੱਸੇ ਵਿੱਚ ਆਪਣੇ ਪਰਿਵਾਰ ਨਾਲ ਚਲੀ ਗਈ ਸੀ। 2017 ਵਿੱਚ ਉਸਦੇ ਪਰਿਵਾਰ ਵਾਲਿਆਂ ਨੇ ਉਸ ਦਾ ਵਿਆਹ ਭਾਰਤੀ ਕਸ਼ਮੀਰ ਵਿੱਚ ਰਹਿੰਦੇ ਔਰੰਗਜ਼ੇਬ ਨਾਲ ਕਰ ਦਿੱਤਾ। ਉਸ ਦਾ ਇੱਕ ਬੇਟਾ ਛੇ ਸਾਲ ਦਾ ਹੈ, ਜਿਸ ਦੀ ਨਾਗਰਿਕਤਾ ਪਾਕਿਸਤਾਨੀ ਹੈ ਤੇ ਦੂਜਾ ਕਰੀਬ 10 ਦਿਨ ਦਾ ਹੈ। ਉਹ ਰੋ ਕੁਰਲਾ ਰਹੀ ਸੀ ਕਿ ਉਸ ਨੂੰ ਉਸ ਦੇ ਬੱਚੇ ਕੋਲ ਰਹਿਣ ਦਿੱਤਾ ਜਾਵੇ ਅਤੇ ਵਾਪਸ ਨਾ ਭੇਜਿਆ ਜਾਵੇ। ਉਸ ਦੇ ਪਤੀ ਔਰੰਗਜ਼ੇਬ ਵੱਲੋਂ ਵੀ ਇਹੀ ਅਪੀਲ ਕੀਤੀ ਜਾ ਰਹੀ ਸੀ। ਇੱਕ ਹੋਰ ਬਜ਼ੁਰਗ ਔਰਤ ਜਿਸ ਦੇ ਅੱਠ ਬੱਚੇ ਹਨ ਪਰ ਉਸ ਦੀ ਨਾਗਰਿਕਤਾ ਪਾਕਿਸਤਾਨ ਦੀ ਹੈ। ਉਸ ਨੂੰ ਵੀ ਜੰਮੂ ਕਸ਼ਮੀਰ ਤੋਂ ਅੱਜ ਇੱਥੇ ਲਿਆਂਦਾ ਗਿਆ ਹੈ ਅਤੇ ਵਾਪਸ ਭੇਜ ਦਿੱਤਾ ਗਿਆ ਹੈ। ਇਹ ਔਰਤ ਵੀ ਪਾਕਿਸਤਾਨ ਨਾ ਭੇਜਣ ਦੀ ਦੁਹਾਈ ਦੇ ਰਹੀ ਸੀ।

ਜਾਣਕਾਰੀ ਮੁਤਾਬਕ ਜੰਮੂ ਕਸ਼ਮੀਰ ਤੋਂ ਅਜਿਹੇ ਕਈ ਲੋਕਾਂ ਨੂੰ ਬੀਤੇ ਕੱਲ੍ਹ ਅਤੇ ਅੱਜ ਦੋ ਦਿਨ ਤੋਂ ਇੱਥੇ ਲਿਆਂਦਾ ਗਿਆ ਹੈ ਜਿਨ੍ਹਾਂ ਦੀ ਨਾਗਰਿਕਤਾ ਪਾਕਿਸਤਾਨੀ ਹੈ ਅਤੇ ਉਹ ਇਧਰ ਭਾਰਤੀ ਕਸ਼ਮੀਰ ਵਿੱਚ ਰਹਿ ਰਹੇ ਸਨ। ਇਨ੍ਹਾਂ ਸਾਰਿਆਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਅੱਜ ਵਾਪਸ ਪਰਤਣ ਵਾਲਿਆਂ ਵਿੱਚ ਪਾਕਿਸਤਾਨੀ ਦੂਤਾਵਾਸ ਦੇ ਕਰਮਚਾਰੀ ਵੀ ਸ਼ਾਮਲ ਸਨ। ਬੀਤੇ ਕੱਲ੍ਹ ਵੀ ਪਾਕਿਸਤਾਨੀ ਦੂਤਾਵਾਸ ਕਰਮਚਾਰੀ ਆਪਣੇ ਮੁਲਕ ਪਰਤੇ ਹਨ।

ਪਾਕਿਸਤਾਨ ਤੋਂ ਵਾਪਸ ਪਰਤ ਕੇ ਆਏ ਭਾਰਤੀ ਨਾਗਰਿਕਾਂ ਵਿੱਚ ਸ਼ਾਮਲ ਚੰਡੀਗੜ੍ਹ ਦੇ ਮਨੀ ਮਾਜਰਾ ਦੇ ਇੱਕ ਪਰਿਵਾਰ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਪਾਕਿਸਤਾਨ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ, ਪਰ ਉਨ੍ਹਾਂ ਨੂੰ ਆਪਣੀ ਯਾਤਰਾ ਵਿਚਾਲੇ ਛੱਡ ਕੇ ਪਰਤਣਾ ਪਿਆ ਹੈ। ਰਾਜਸਥਾਨ ਦੇ ਜੈਸਲਮੇਰ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਉਸ ਦੀ ਪਤਨੀ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਈ ਸੀ। ਉਹ 20 ਅਪਰੈਲ ਨੂੰ ਗਈ ਸੀ ਅਤੇ ਉਸ ਕੋਲ ਇੱਕ ਮਹੀਨੇ ਦਾ ਵੀਜ਼ਾ ਸੀ, ਪਰ ਪਹਿਲਗਾਮ ਘਟਨਾ ਕਾਰਨ ਉਸ ਨੂੰ ਤੁਰੰਤ ਵਾਪਸ ਪਰਤਣਾ ਪਿਆ।

ਭਾਰਤ ਸਰਕਾਰ ਵੱਲੋਂ ਪਹਿਲਗਾਮ ਵਿੱਚ ਵਾਪਰੀ ਘਟਨਾ ਤੋਂ ਬਾਅਦ ਅਟਾਰੀ ਸਰਹੱਦ ਨੂੰ ਭਲਕੇ 1 ਮਈ ਤੋਂ ਆਵਾਜਾਈ ਵਾਸਤੇ ਮੁਕੰਮਲ ਤੌਰ ’ਤੇ ਬੰਦ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵਪਾਰ ਮਾਰਗ ਵੀ ਬੰਦ ਕਰ ਦਿੱਤਾ ਗਿਆ ਹੈ। ਅਟਾਰੀ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਮੌਕੇ ਵੀ ਰੋਸ ਵਜੋਂ ਗੇਟ ਬੰਦ ਰੱਖੇ ਜਾਂਦੇ ਹਨ ਅਤੇ ਪਰੇਡ ਕਮਾਂਡਰਾਂ ਵੱਲੋਂ ਹੱਥ ਵੀ ਨਹੀਂ ਮਿਲਾਏ ਜਾ ਰਹੇ। ਝੰਡਾ ਉਤਾਰਨ ਦੀ ਰਸਮ ਦੇਖਣ ਵਾਲੇ ਸੈਲਾਨੀਆਂ ਦੀ ਗਿਣਤੀ ਵੀ ਬਹੁਤ ਘੱਟ ਚੁੱਕੀ ਹੈ।

ਇਸ ਦੌਰਾਨ ਸਰਹੱਦੀ ਇਲਾਕੇ ਵਿੱਚ ਸਖਤ ਸੁਰੱਖਿਆ ਪ੍ਰਬੰਧ ਨਜ਼ਰ ਆਏ ਹਨ। ਪੁਲੀਸ ਵੱਲੋਂ ਨਾਕਿਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਹੈ। ਇਸੇ ਤਰ੍ਹਾਂ ਸਰਹੱਦ ’ਤੇ ਸੁਰੱਖਿਆ ਬਲਾਂ ਦੀਆਂ ਸਰਗਰਮੀਆਂ ਵੀ ਵਧੇਰੇ ਨਜ਼ਰ ਆਈਆਂ ਹਨ।

Share: