ਨਵੀਂ ਦਿੱਲੀ : ਪ੍ਰਮੁੱਖ ਦੁੱਧ ਸਪਲਾਇਰ ਮਦਰ ਡੇਅਰੀ ਨੇ ਵਧਦੇ ਲਾਗਤ ਖਰਚਿਆਂ ਨੂੰ ਅੰਸ਼ਕ ਤੌਰ ’ਤੇ ਪੂਰਾ ਕਰਨ ਲਈ ਦੁੱਧ ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਲਿਟਰ ਤੱਕ ਦਾ ਵਾਧਾ ਕੀਤਾ ਹੈ। ਜ਼ਿਕਰਯੋਗ ਹੈ ਕਿ ਮਦਰ ਡੇਅਰੀ ਆਪਣੇ ਆਊਟਲੇਟ, ਆਮ ਵਪਾਰ ਅਤੇ ਈ-ਕਾਮਰਸ ਪਲੇਟਫਾਰਮਾਂ ਰਾਹੀਂ ਦਿੱਲੀ-ਐਨਸੀਆਰ ਬਾਜ਼ਾਰ ਵਿਚ ਪ੍ਰਤੀ ਦਿਨ ਲਗਭਗ 35 ਲੱਖ ਲਿਟਰ ਦੁੱਧ ਵੇਚਦੀ ਹੈ। ਮਦਰ ਡੇਅਰੀ ਦੇ ਇਕ ਅਧਿਕਾਰੀ ਨੇ ਮੰਗਲਵਾਰ ਦੇਰ ਰਾਤ ਕਿਹਾ, “ਇਹ ਕੀਮਤ ਸੋਧ ਖਰੀਦ ਲਾਗਤਾਂ ਵਿਚ ਮਹੱਤਵਪੂਰਨ ਵਾਧੇ ਨੂੰ ਹੱਲ ਕਰਨ ਲਈ ਜਰੂਰੀ ਹੈ, ਜੋ ਪਿਛਲੇ ਕੁਝ ਮਹੀਨਿਆਂ ਵਿੱਚ 4-5 ਰੁਪਏ ਪ੍ਰਤੀ ਲਿਟਰ ਵਧੀ ਹੈ।”
ਦਿੱਲੀ-ਐਨਸੀਆਰ ਵਿੱਚ ਟੋਨਡ ਦੁੱਧ (ਥੋਕ ਵਿਕਰੇਤਾ) ਦੀਆਂ ਕੀਮਤਾਂ ਪਹਿਲਾਂ 54 ਰੁਪਏ ਪ੍ਰਤੀ ਲਿਟਰ ਤੋਂ ਵੱਧ ਕੇ 56 ਰੁਪਏ ਪ੍ਰਤੀ ਲਿਟਰ ਹੋ ਗਈਆਂ ਹਨ। ਫੁੱਲ-ਕ੍ਰੀਮ ਦੁੱਧ (ਪਾਊਚਡ) ਅਤੇ ਟੋਨਡ ਦੁੱਧ (ਪਾਊਚਡ) ਦੀਆਂ ਕੀਮਤਾਂ ਵਿਚ 1 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਡਬਲ-ਟੋਨਡ ਦੁੱਧ 2 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੇਰਕਾ ਨੇ ਵੀ ਦੁੱਧ ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕੀਤਾ ਹੈ।