ਚੀਨ ਵਿੱਚ ਰੈਸਟੋਰੈਂਟ ’ਚ ਅੱਗ ਲੱਗਣ ਨਾਲ 22 ਹਲਾਕ

ਚੀਨ ਵਿੱਚ ਰੈਸਟੋਰੈਂਟ ’ਚ ਅੱਗ ਲੱਗਣ ਨਾਲ 22 ਹਲਾਕ

ਪੇਈਚਿੰਗ : ਚੀਨ ਦੇ ਲਿਆਓਨਿੰਗ ਸੂਬੇ ਦੇ ਲਿਆਓਯਾਂਗ ਸ਼ਹਿਰ (Liaoyang city of China’s Liaoning province) ਵਿੱਚ ਮੰਗਲਵਾਰ ਨੂੰ ਇੱਕ ਰੈਸਟੋਰੈਂਟ ਵਿੱਚ ਭਿਆਨਕ ਅੱਗ ਲੱਗਣ ਨਾਲ 22 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਖ਼ਬਰ ਏਜੰਸੀ ‘ਸ਼ਿਨਹੂਆ’ ਦੀ ਰਿਪੋਰਟ ਅਨੁਸਾਰ ਅੱਗ ਦੁਪਹਿਰ 12:25 ਵਜੇ ਲੱਗੀ, ਜਿਸ ਵਿੱਚ 22 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ।

ਅੱਗ ਲੱਗਣ ਦੇ ਕਾਰਨਾਂ ਬਾਰੇ ਫ਼ੌਰੀ ਤੌਰ ’ਤੇ ਕੋਈ ਜਾਣਕਾਰੀ ਨਹੀਂ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਜ਼ਖਮੀਆਂ ਦੇ ਇਲਾਜ ਲਈ ਹਰ ਸੰਭਵ ਯਤਨ ਕਰਨ ਦੀ ਅਪੀਲ ਕੀਤੀ।

ਇਹ ਇਸ ਮਹੀਨੇ ਚੀਨ ਵਿੱਚ ਅੱਗ ਲੱਗਣ ਦੀ ਦੂਜੀ ਵੱਡੀ ਘਟਨਾ ਹੈ। ਇਸ ਤੋਂ ਪਹਿਲਾਂ 9 ਅਪਰੈਲ ਨੂੰ ਉੱਤਰੀ ਚੀਨ ਦੇ ਹੇਬੇਈ ਸੂਬੇ ਵਿੱਚ ਇੱਕ ਨਰਸਿੰਗ ਹੋਮ ਵਿੱਚ ਅੱਗ ਲੱਗਣ ਨਾਲ 20 ਬਜ਼ੁਰਗ ਮਾਰੇ ਗਏ ਸਨ।

ਚੇਂਗਦੇ ਸ਼ਹਿਰ ਦੀ ਲੋਂਗਹੁਆ ਕਾਉਂਟੀ ਵਿੱਚ ਨਰਸਿੰਗ ਹੋਮ ਵਿੱਚ ਅੱਗ ਲੱਗਣ ਸਮੇਂ ਇਮਾਰਤ ਵਿੱਚ ਕੁੱਲ 39 ਬਜ਼ੁਰਗ ਸਨ।

Share: