ਕੈਨੇਡਾ ਗਈ ਲੜਕੀ ਦੀ ਭੇਤਭਰੀ ਮੌਤ

ਕੈਨੇਡਾ ਗਈ ਲੜਕੀ ਦੀ ਭੇਤਭਰੀ ਮੌਤ

ਡੇਰਾਬੱਸੀ : ਇਸ ਸ਼ਹਿਰ ਤੋਂ ਕੈਨੇਡਾ ਪੜ੍ਹਨ ਗਈ 21 ਸਾਲਾ ਲੜਕੀ ਦੀ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਉਸ ਦੀ ਲਾਸ਼ ਉੱਥੇ ਸਮੁੰਦਰ ਕੰਢਿਓਂ ਮਿਲੀ ਹੈ। ਮ੍ਰਿਤਕਾ ਦੀ ਪਛਾਣ ਵੰਸ਼ਿਕਾ ਵਜੋਂ ਹੋਈ ਹੈ ਜੋ ਆਮ ਆਦਮੀ ਪਾਰਟੀ ਦੇ ਆਗੂ ਦਵਿੰਦਰ ਸੈਣੀ ਵਾਸੀ ਸੈਣੀ ਮੁਹੱਲਾ ਦੀ ਧੀ ਹੈ। ਦਵਿੰਦਰ ਸੈਣੀ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਕਰੀਬੀਆਂ ਵਿੱਚੋਂ ਹਨ। ਪਰਿਵਾਰ ਨੂੰ ਸ਼ੱਕ ਹੈ ਕਿ ਵੰਸ਼ਿਕਾ ਦਾ ਕਤਲ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਵੰਸ਼ਿਕਾ ਢਾਈ ਸਾਲ ਪਹਿਲਾਂ ਡੇਰਾਬੱਸੀ ਤੋਂ ਪੜ੍ਹਾਈ ਕਰਨ ਲਈ ਕੈਨੇਡਾ ਦੇ ਓਟਵਾ ਵਿੱਚ ਗਈ ਸੀ। ਉਹ 22 ਅਪਰੈਲ ਨੂੰ ਕੰਮ ’ਤੇ ਗਈ ਸੀ ਪਰ ਘਰ ਨਹੀਂ ਪਰਤੀ। ਉਸ ਦਾ 25 ਅਪਰੈਲ ਨੂੰ ਆਇਲਸ ਦਾ ਪੇਪਰ ਸੀ। ਉਸ ਨਾਲ ਪੇਪਰ ਦੇਣ ਵਾਲੀ ਸਹੇਲੀ ਨੇ ਉਸ ਨੂੰ ਵਾਰ-ਵਾਰ ਫੋਨ ਕੀਤੇ, ਪਰ ਫੋਨ ਬੰਦ ਆ ਰਿਹਾ ਸੀ। ਉਹ ਜਦੋਂ ਵੰਸ਼ਿਕਾ ਦੇ ਘਰ ਗਈ ਤਾਂ ਪਤਾ ਲੱਗਿਆ ਕਿ ਉਹ 22 ਅਪਰੈਲ ਤੋਂ ਘਰ ਨਹੀਂ ਪਰਤੀ। ਵਸ਼ਿੰਕਾ ਦੀ ਸਹੇਲੀ ਨੇ ਉਸਦੇ ਪਰਿਵਾਰ ਮੈਂਬਰਾਂ ਅਤੇ ਉਥੇ ਰਹਿੰਦੇ ਕਈ ਦੋਸਤਾਂ ਨੂੰ ਸੂਚਿਤਾ ਕੀਤਾ ਅਤੇ ਭਾਲ ਸ਼ੁਰੂ ਕਰ ਦਿੱਤੀ। ਵਸ਼ਿੰਕਾ ਦੇ ਦੋਸਤਾਂ ਅਤੇ ਹੋਰਨਾ ਨੇ ਸਥਾਨਕ ਸੰਸਦ ਮੈਂਬਰ ਨਾਲ ਵੀ ਸੰਪਰਕ ਕੀਤਾ। ਦੱਸਿਆ ਜਾ ਰਿਹਾ ਹੈ ਕਿ ਅੱਜ ਉਸਦੀ ਲਾਸ਼ ਸਮੁੰਦਰ ਕੰਢੇ ਬੀਚ ਤੋਂ ਮਿਲੀ ਹੈ। ਮੌਤ ਖ਼ਬਰ ਸੁਣ ਕੇ ਵੰਸ਼ਿਕਾ ਦਾ ਪਰਿਵਾਰ ਸਦਮੇ ਵਿੱਚ ਹੈ। ਦਵਿੰਦਰ ਸੈਣੀ ਨੇ ਦੱਸਿਆ ਕਿ ਉਸ ਨੇ ਵੰਸ਼ਿਕਾ ਨਾਲ 22 ਅਪਰੈਲ ਨੂੰ ਫੋਨ ’ਤੇ ਗੱਲ ਕੀਤੀ ਸੀ। ਉਨ੍ਹਾਂ ਸ਼ੱਕ ਪ੍ਰਗਟਾਇਆ ਕਿ ਉਸਦਾ ਕਤਲ ਹੋਇਆ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ।

Share: