ਭਾਜਪਾ ਵਿਧਾਇਕ ਨੇ ਇਤਰਾਜ਼ਯੋਗ ਪੋਸਟ ਲਈ ਭੋਜਪੁਰੀ ਗਾਇਕਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ

ਭਾਜਪਾ ਵਿਧਾਇਕ ਨੇ ਇਤਰਾਜ਼ਯੋਗ ਪੋਸਟ ਲਈ ਭੋਜਪੁਰੀ ਗਾਇਕਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ

ਗਾਜ਼ੀਆਬਾਦ (ਉੱਤਰ ਪ੍ਰਦੇਸ਼) : ਲੋਨੀ ਤੋਂ ਭਾਜਪਾ ਵਿਧਾਇਕ ਨੰਦ ਕਿਸ਼ੋਰ ਗੁਰਜਰ ਨੇ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕਥਿਤ ਇਤਰਾਜ਼ਯੋਗ ਸਮੱਗਰੀ ਪੋਸਟ ਕਰਨ ਲਈ ਭੋਜਪੁਰੀ ਗਾਇਕਾ ਨੇਹਾ ਰਾਠੌੜ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ।

ਪੁਲੀਸ ਨੇ ਦੱਸਿਆ ਕਿ ਸ਼ਿਕਾਇਤ ਲੋਨੀ ਪੁਲੀਸ ਥਾਣੇ ’ਚ ਦਰਜ ਕੀਤੀ ਗਈ ਹੈ। ਸ਼ਿਕਾਇਤ ’ਚ ਗੁਰਜਰ ਨੇ ਨੇਹਾ ਰਾਠੌੜ ਖ਼ਿਲਾਫ਼ ਐੱਨਐੇੱਸਏ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਰਾਠੌੜ ਆਈਐੱਸਆਈ ਦੀ ਏਜੰਟ ਹੈ ਤੇ ਉਸ ਦੇ ਅਤਿਵਾਦੀ ਗੁੱਟ TRF (The Resistant Front) ਨਾਲ ਸਬੰਧ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਗਾਇਕਾ ਆਪਣੇ ਟਵੀਟ ਅਤੇ ਵੀਡੀਓ ਰਾਹੀਂ ਪਾਕਿਸਤਾਨ ਦੇ ਹੱਕ ਵਿੱਚ ਹਮਦਰਦੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਡੀਸੀਪੀ (ਦਿਹਾਤੀ) ਸੁਰੇਂਦਰ ਨਾਥ ਤਿਵਾੜੀ ਨੇ ਦੱਸਿਆ ਕਿ ਪੁਲੀਸ ਨੂੰ ਲੰਘੇ ਦਿਨ ਭਾਜਪਾ ਵਿਧਾਇਕ ਗੁਰਜਰ ਤੋਂ ਸ਼ਿਕਾਇਤ ਮਿਲੀ ਸੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਲਖਨਊ ਪੁਲੀਸ ਵੱਲੋਂ ਵੀ ਸੋਸ਼ਲ ਮੀਡੀਆ ’ਤੇ ਕਥਿਤ ਇਤਰਾਜ਼ਯੋਗ ਪੋਸਟਾਂ ਕਾਰਨ ਲੋਕ ਗਾਇਕਾ ਖ਼ਿਲਾਫ਼ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ।
Share: