ਭਵਿੱਖ ’ਚ ਪਾਕਿਸਤਾਨ ਸਥਿਤ ਗੁਰੂਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਜੱਥਿਆਂ ਬਾਰੇ ਬੇਯਕੀਨੀ ਬਣੀ

ਅੰਮ੍ਰਿਤਸਰ : ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਅਟਾਰੀ ਸਰਹੱਦ ਬੰਦ ਕੀਤੇ ਜਾਣ ਦੇ ਕੀਤੇ ਗਏ ਫੈਸਲੇ ਨਾਲ ਸਿੱਖ ਸ਼ਰਧਾਲੂਆਂ ਦੇ ਪਾਕਿਸਤਾਨ ਸਥਿਤ ਗੁਰੂਧਾਮਾਂ ਦੀ ਯਾਤਰਾ ਤੇ ਅਗਲੇ ਮਹੀਨੇ ਵਿੱਚ ਜਾਣ ਵਾਲੇ ਜੱਥਿਆਂ ਬਾਰੇ ਵੀ ਬੇਯਕੀਨੀ ਵਾਲੀ ਸਥਿਤੀ ਬਣ ਗਈ ਹੈ।

ਅਗਲੇ ਮਹੀਨੇ ਮਈ ਅਤੇ ਜੂਨ ਵਿੱਚ ਕ੍ਰਮਵਾਰ  ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਹਰ ਸਾਲ ਸਿੱਖ ਸ਼ਰਧਾਲੂਆਂ ਦੇ ਜੱਥੇ ਪਾਕਿਸਤਾਨ ਸਥਿਤ ਗੁਰੂ ਧਾਮਾਂ ਦੀ ਯਾਤਰਾ ਵਾਸਤੇ ਜਾਂਦੇ ਹਨ। ਹਾਲ ਹੀ ਵਿੱਚ ਲਗਭਗ 5800 ਸਿੱਖ ਯਾਤਰੀਆਂ ਦਾ ਇੱਕ ਜੱਥਾ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰੂ ਧਾਮਾਂ ਦੀ ਯਾਤਰਾ ਕਰਕੇ 19 ਅਪਰੈਲ ਨੂੰ ਹੀ ਵਾਪਸ ਪਰਤਿਆ ਹੈ।

ਅਗਲੇ ਮਹੀਨੇ ਵਿੱਚ ਪਾਕਿਸਤਾਨ ਸਥਿਤ ਗੁਰੂਧਾਮਾਂ ਦੀ ਯਾਤਰਾ ਤੇ ਜਾਣ ਵਾਲੇ ਇਨਾਂ ਜੱਥਿਆਂ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਣ ਤੱਕ ਕੇਂਦਰੀ ਗ੍ਰਹਿ ਮੰਤਰਾਲੇ ਜਾਂ ਪਾਕਿਸਤਾਨੀ ਅਧਿਕਾਰੀਆਂ ਕੋਲੋਂ ਕੋਈ ਅਧਿਕਾਰਤ ਸੂਚਨਾ ਪ੍ਰਾਪਤ ਨਹੀਂ ਹੋਈ ਹੈ।

ਜ਼ਿਕਰਯੋਗ ਹੈ ਕਿ ਪਹਿਲਗਾਮ ਵਿੱਚ ਵਾਪਰੀ ਅਤਿਵਾਦੀ ਘਟਨਾ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਅਟਾਰੀ ਸਥਿਤ ਆਈਸੀਪੀ ਅਤੇ ਲਾਂਘੇ ਨੂੰ ਮੁਕੰਮਲ ਬੰਦ ਕੀਤਾ ਜਾ ਰਿਹਾ ਹੈ। ਜਿਸ ਤਹਿਤ ਇੱਕ ਮਈ ਤੋਂ ਬਾਅਦ ਇਹ ਲਾਂਘਾ ਮੁਕੰਮਲ ਰੂਪ ਵਿੱਚ ਬੰਦ ਹੋ ਜਾਵੇਗਾ। ਇਸ ਦੌਰਾਨ ਸਾਰੇ ਪਾਕਿਸਤਾਨੀ ਨਾਗਰਿਕਾਂ ਅਤੇ ਭਾਰਤੀ ਨਾਗਰਿਕਾਂ ਨੂੰ ਆਪੋ ਆਪਣੇ ਮੁਲਕ ਵਾਪਸ ਪਰਤਣ ਲਈ ਆਖਿਆ ਗਿਆ ਹੈ। ਹੁਣ ਇਹ ਸਰਹੱਦੀ ਲਾਂਘਾ ਕਦੋਂ ਤੱਕ ਬੰਦ ਰਹੇਗਾ ਇਸ ਬਾਰੇ ਫਿਲਹਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਹੈ। ਜਦੋਂ ਕਿ ਦੂਜੇ ਪਾਸੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਫਿਲਹਾਲ ਖੁੱਲ੍ਹਾ ਹੈ ਅਤੇ ਯਾਤਰੀ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਹਨ।

ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਵਾਸਤੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਲਗਭਗ 350 ਸ਼ਰਧਾਲੂਆਂ ਦੀਆਂ ਅਰਜੀਆਂ ਅਤੇ ਪਾਸਪੋਰਟ ਵੀਜ਼ਾ ਲੱਗਣ ਲਈ ਭੇਜੇ ਹੋਏ ਹਨ। ਪਰ ਹੁਣ ਬਦਲੀਆਂ ਪ੍ਰਸਥਿਤੀਆਂ ਵਿੱਚ ਇਸ ਸਬੰਧੀ ਭਾਰਤ ਅਤੇ ਪਾਕਿਸਤਾਨ ਵੱਲੋਂ ਜਵਾਬ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਿਵੇਂ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘਾ ਖੁੱਲਾ ਰੱਖਿਆ ਗਿਆ ਹੈ ਇਸੇ ਤਰ੍ਹਾਂ ਉਮੀਦ ਹੈ ਕਿ ਸਿੱਖ ਸ਼ਰਧਾਲੂਆਂ ਦੇ ਜਾਣ ਤੇ ਵੀ ਕੋਈ ਰੋਕ ਨਹੀਂ ਹੋਵੇਗੀ ਪਰ ਇਹ ਸਥਿਤੀ ਆਉਣ ਵਾਲੇ ਦਿਨਾਂ ਵਿੱਚ ਹੀ ਸਪੱਸ਼ਟ ਹੋ ਸਕੇਗੀ।

Share: