ਚੰਡੀਗੜ੍ਹ : ਪੰਜਾਬ ਦੇ ਖ਼ਰੀਦ ਕੇਂਦਰਾਂ ’ਚ ਕਣਕ ਦੀ ਆਮਦ 100 ਲੱਖ ਟਨ ਨੂੰ ਪਾਰ ਕਰ ਗਈ ਹੈ ਜਦੋਂਕਿ ਹੁਣ ਮੰਡੀਆਂ ’ਚ ਕਣਕ ਦੀ ਆਮਦ ਮੱਠੀ ਹੋ ਚੁੱਕੀ ਹੈ। ਪੰਜਾਬ ਸਰਕਾਰ ਨੇ ਐਤਕੀਂ 124 ਲੱਖ ਟਨ ਦੀ ਖ਼ਰੀਦ ਦਾ ਟੀਚਾ ਤੈਅ ਕੀਤਾ ਸੀ ਪਰ ਮੰਡੀਆਂ ’ਚ ਪ੍ਰਾਈਵੇਟ ਖ਼ਰੀਦ ਦੇ ਰੁਝਾਨ ਨੂੰ ਦੇਖਦਿਆਂ ਸਰਕਾਰੀ ਟੀਚੇ ਪ੍ਰਭਾਵਿਤ ਹੋਣੇ ਸੁਭਾਵਕ ਹਨ। ਇਸ ਵਾਰ ਕਣਕ ਦਾ ਸੀਜ਼ਨ ਲੰਬਾ ਨਹੀਂ ਚੱਲੇਗਾ। ਵਾਢੀ ਦੌਰਾਨ ਵੀ ਮੌਸਮ ਜ਼ਿਆਦਾ ਹਿੱਸਿਆ ਵਿੱਚ ਅਨੁਕੂਲ ਹੀ ਰਿਹਾ ਹੈ।
ਵੇਰਵਿਆਂ ਅਨੁਸਾਰ ਪੰਜਾਬ ਦੀਆਂ ਮੰਡੀਆਂ ਵਿੱਚ ਸੋਮਵਾਰ ਤੱਕ 106.85 ਲੱਖ ਟਨ ਕਣਕ ਦੀ ਆਮਦ ਹੋ ਚੁੱਕੀ ਹੈ। ਇਸ ’ਚੋਂ 104.71 ਲੱਖ ਟਨ ਕਣਕ ਖ਼ਰੀਦੀ ਜਾ ਚੁੱਕੀ ਹੈ। ਪੰਜਾਬ ਸਰਕਾਰ ਇਸ ਗੱਲੋਂ ਧਰਵਾਸ ਵਿੱਚ ਹੈ ਕਿ ਹਾੜ੍ਹੀ ਦੇ ਖ਼ਰੀਦ ਸੀਜ਼ਨ ਵਿੱਚ ਕਿਸਾਨਾਂ ਦੀ ਖ਼ਰੀਦ ਕੇਂਦਰਾਂ ਵਿੱਚ ਖੱਜਲ-ਖੁਆਰੀ ਨਹੀਂ ਹੋਈ ਹੈ। ਇੰਨਾ ਜ਼ਰੂਰ ਹੈ ਕਿ ਹੁਣ ਮੰਡੀਆਂ ’ਚੋਂ ਕਣਕ ਦੀ ਚੁਕਾਈ ਦਾ ਮਸਲਾ ਖੜ੍ਹਾ ਹੋ ਗਿਆ ਹੈ।
ਮੰਡੀਆਂ ਵਿੱਚ ਰੋਜ਼ਾਨਾ ਕਣਕ ਦੀ ਆਮਦ ਪੰਜ ਤੋਂ ਛੇ ਲੱਖ ਟਨ ਦਰਮਿਆਨ ਰਹਿ ਗਈ ਹੈ। ਕਣਕ ਦਾ ਝਾੜ ਇਸ ਵਾਰ ਚੰਗਾ ਹੈ ਅਤੇ ਸਰਦੇ-ਪੁੱਜਦੇ ਕਿਸਾਨ ਐਤਕੀਂ ਘਰਾਂ ਵਿੱਚ ਕਣਕ ਭੰਡਾਰ ਕਰ ਰਹੇ ਹਨ। ਕੌਮੀ ਬਾਜ਼ਾਰ ਵਿੱਚ ਕਣਕ ਦੇ ਭਾਅ ਉੱਚੇ ਰਹਿਣ ਦਾ ਅਨੁਮਾਨ ਹੈ।
ਮੰਡੀਆਂ ਵਿੱਚ ਇਸ ਵੇਲੇ 57.52 ਫ਼ੀਸਦੀ ਫ਼ਸਲ ਚੁਕਾਈ ਦੀ ਉਡੀਕ ਵਿੱਚ ਹੈ। ਸਰਕਾਰੀ ਅਧਿਕਾਰੀ ਆਖਦੇ ਹਨ ਕਿ ਇਕਦਮ ਫ਼ਸਲ ਆਉਣ ਕਰ ਕੇ ਚੁਕਾਈ ਦਾ ਕੰਮ ਪ੍ਰਭਾਵਿਤ ਹੋਇਆ ਹੈ। ਅਧਿਕਾਰੀ 97 ਫ਼ੀਸਦੀ ਖ਼ਰੀਦ ਕੀਤੀ ਫ਼ਸਲ ਦੀ ਅਦਾਇਗੀ ਕੀਤੇ ਜਾਣ ਦਾ ਦਾਅਵਾ ਵੀ ਕਰਦੇ ਹਨ।
ਪੰਜਾਬ ਸਰਕਾਰ ਨੇ ਇਸ ਵਾਰ ਮੰਡੀਆਂ ’ਚੋਂ ਕਰੀਬ 18 ਲੱਖ ਟਨ ਕਣਕ ਦੀ ਸਿੱਧੀ ਚੁਕਾਈ ਦਾ ਫ਼ੈਸਲਾ ਕੀਤਾ ਸੀ। ਕੇਂਦਰ ਸਰਕਾਰ ਰੋਜ਼ਾਨਾ ਔਸਤਨ 22 ਤੋਂ 25 ਰੇਲ ਗੱਡੀਆਂ ਪੰਜਾਬ ਨੂੰ ਦੇ ਰਹੀ ਹੈ। ਹੁਣ ਤੱਕ ਕਰੀਬ ਪੰਜ ਲੱਖ ਟਨ ਕਣਕ ਸਿੱਧੀ ਮੰਡੀਆਂ ’ਚੋਂ ਚੁੱਕ ਕੇ ਰੇਲ ਗੱਡੀਆਂ ਜ਼ਰੀਏ ਭੇਜੀ ਜਾ ਚੁੱਕੀ ਹੈ। ਕੇਂਦਰ ਸਰਕਾਰ ਨੇ ਕਣਕ ਦੀ ਖ਼ਰੀਦ ਦਾ ਸਮਾਂ 15 ਮਈ ਤੱਕ ਤੈਅ ਕੀਤਾ ਹੈ ਪਰ ਮਈ ਦੇ ਪਹਿਲੇ ਹਫ਼ਤੇ ਹੀ ਫ਼ਸਲ ਦਾ ਕੰਮ ਨਿੱਬੜ ਜਾਵੇਗਾ।
ਚੇਅਰਮੈਨ ਕਰਨਗੇ ਪੰਜਾਬ ਦਾ ਦੌਰਾ
ਭਾਰਤੀ ਖ਼ੁਰਾਕ ਨਿਗਮ ਦੇ ਚੇਅਰਮੈਨ ਆਸ਼ੂਤੋਸ਼ ਅਗਨੀਹੋਤਰੀ ਕਣਕ ਦੀ ਖ਼ਰੀਦ ਦਾ ਜਾਇਜ਼ਾ ਲੈਣ ਲਈ ਪੰਜਾਬ ਦਾ ਦੋ ਰੋਜ਼ਾ ਦੌਰਾ ਕਰਨਗੇ। ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ 30 ਅਪਰੈਲ ਨੂੰ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਮੁਹਾਲੀ ਦੀਆਂ ਮੰਡੀਆਂ ਦਾ ਦੌਰਾ ਕਰਨਗੇ। ਉਹ ਪਹਿਲੀ ਮਈ ਨੂੰ ਚੰਡੀਗੜ੍ਹ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਕੇਂਦਰ ਵੱਲੋਂ ਕਣਕ ਵਿੱਚ ਜ਼ਿਆਦਾ ਰੁਚੀ ਦਿਖਾਈ ਜਾ ਰਹੀ ਹੈ।
ਪ੍ਰਾਈਵੇਟ ਖ਼ਰੀਦ ਦੁੱਗਣੀ ਹੋਣ ਦੀ ਸੰਭਾਵਨਾ
ਪ੍ਰਾਈਵੇਟ ਕੰਪਨੀਆਂ ਅਤੇ ਆਟਾ ਮਿੱਲਾਂ ਵੱਲੋਂ ਕਣਕ ਖ਼ਰੀਦਣ ਵਿੱਚ ਕਾਹਲ ਦਿਖਾਈ ਜਾ ਰਹੀ ਹੈ। ਨਵਾਂ ਰੁਝਾਨ ਹੈ ਕਿ ਇਸ ਵਾਰ ਪ੍ਰਾਈਵੇਟ ਵਪਾਰੀਆਂ ਨੇ ਹੁਣ ਤੱਕ 8.66 ਲੱਖ ਟਨ ਕਣਕ ਦੀ ਖ਼ਰੀਦ ਕੀਤੀ ਹੈ ਜੋ ਪਿਛਲੇ ਸਾਲ ਸਿਰਫ਼ ਛੇ ਕੁ ਲੱਖ ਟਨ ਸੀ। ਇਸ ਵਾਰ ਪ੍ਰਾਈਵੇਟ ਖ਼ਰੀਦ ਦਾ ਅੰਕੜਾ ਪਿਛਲੇ ਸਾਲ ਨਾਲੋਂ ਦੁੱਗਣਾ ਹੋਣ ਦਾ ਅਨੁਮਾਨ ਹੈ। ਫ਼ਸਲ ਦਾ ਭਾਅ ਵੀ ਇਸ ਵਾਰ ਵੱਧ ਤੋਂ ਵੱਧ 2640 ਰੁਪਏ ਪ੍ਰਤੀ ਕੁਇੰਟਲ ਦਾ ਰਿਹਾ ਹੈ ਜਦੋਂਕਿ ਸਰਕਾਰੀ ਭਾਅ 2425 ਰੁਪਏ ਪ੍ਰਤੀ ਕੁਇੰਟਲ ਹੈ।