ਪੇਈਚਿੰਗ : ਚੀਨ ਨੇ ਆਪਣੇ ਮਿੱਤਰ ਮੁਲਕ ਪਾਕਿਸਤਾਨ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਹਿੱਤਾਂ ਦੀ ਰੱਖਿਆ ਲਈ ਆਪਣਾ ਸਮਰਥਨ ਪ੍ਰਗਟਾਉਂਦਿਆਂ ਪਹਿਲਗਾਮ ਦਹਿਸ਼ਤੀ ਹਮਲੇ ਦੀ ‘ਤੁਰੰਤ ਅਤੇ ਨਿਰਪੱਖ ਜਾਂਚ’ ਦੀ ਮੰਗ ਕੀਤੀ ਹੈ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ‘ਸ਼ਿਨਹੂਆ’ ਅਨੁਸਾਰ Chinese Foreign Minister Wang Yi ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਐਤਵਾਰ ਨੂੰ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ। ਖ਼ਬਰ ਏਜੰਸੀ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਡਾਰ ਨੇ ਵਾਂਗ (ਜੋ ਚੀਨ ਦੀ ਕਮਿਊਨਿਸਟ ਪਾਰਟੀ (ਸੀਪੀਸੀ) ਦੀ ਕੇਂਦਰੀ ਕਮੇਟੀ ਦੇ ਰਾਜਨੀਤਕ ਬਿਊਰੋ ਦੇ ਮੈਂਬਰ ਵੀ ਹਨ) ਨੂੰ ‘ਕਸ਼ਮੀਰ ਖੇਤਰ ਵਿੱਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ’ ਪਾਕਿਸਤਾਨ ਅਤੇ ਭਾਰਤ ਵਿਚਕਾਰ ਵਧੇ ਹੋਏ ਤਣਾਅ ਬਾਰੇ ਜਾਣਕਾਰੀ ਦਿੱਤੀ। ਵਾਂਗ ਨੇ ਕਿਹਾ ਕਿ ਚੀਨ ਘਟਨਾਕ੍ਰਮ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਤਿਵਾਦ ਦਾ ਮੁਕਾਬਲਾ ਕਰਨਾ ਪੂਰੀ ਦੁਨੀਆ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਅਤਿਵਾਦ ਵਿਰੁੱਧ ਪਾਕਿਸਤਾਨ ਦੇ ਯਤਨਾਂ ਪ੍ਰਤੀ ਚੀਨ ਦੇ ਨਿਰੰਤਰ ਸਮਰਥਨ ਦੀ ਪੁਸ਼ਟੀ ਕੀਤੀ। ਰਿਪੋਰਟ ਵਿੱਚ ਵਾਂਗ ਦੇ ਹਵਾਲੇ ਨਾਲ ਕਿਹਾ ਗਿਆ ਹੈ, ‘‘ਇੱਕ ਮਜ਼ਬੂਤ ਦੋਸਤ ਅਤੇ ਹਰ ਹਾਲਾਤ ਵਿੱਚ ਰਣਨੀਤਕ ਭਾਈਵਾਲ ਹੋਣ ਦੇ ਨਾਤੇ ਚੀਨ, ਪਾਕਿਸਤਾਨ ਦੇ ਜਾਇਜ਼ ਸੁਰੱਖਿਆ ਫਿਕਰਾਂ ਨੂੰ ਪੂਰੀ ਤਰ੍ਹਾਂ ਸਮਝਦਾ ਹੈ ਅਤੇ ਪਾਕਿਸਤਾਨ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਹਿੱਤਾਂ ਦੀ ਰਾਖੀ ਹਿੱਤ ਉਸ ਦਾ ਸਮਰਥਨ ਕਰਦਾ ਹੈ।’’ Wang Yi ਨੇ ਕਿਹਾ, ‘‘ਚੀਨ ਤੁਰੰਤ ਅਤੇ ਨਿਰਪੱਖ ਜਾਂਚ ਦੀ ਵਕਾਲਤ ਕਰਦਾ ਹੈ ਅਤੇ ਮੰਨਦਾ ਹੈ ਕਿ ਇਹ ਟਕਰਾਅ ਭਾਰਤ ਜਾਂ ਪਾਕਿਸਤਾਨ ਦੇ ਬੁਨਿਆਦੀ ਹਿੱਤਾਂ ਦੀ ਪੂਰਤੀ ਨਹੀਂ ਕਰਦਾ, ਅਤੇ ਖੇਤਰੀ ਸ਼ਾਂਤੀ ਅਤੇ ਸਥਿਰਤਾ ਲਈ ਅਨੁਕੂਲ ਨਹੀਂ ਹੈ।’’ ਉਨ੍ਹਾਂ ਨੇ ਕਿਹਾ, ਚੀਨ ਨੂੰ ਉਮੀਦ ਹੈ ਕਿ ਦੋਵੇਂ ਧਿਰਾਂ ਸੰਜਮ ਵਰਤਣਗੀਆਂ ਅਤੇ ਤਣਾਅ ਨੂੰ ਘੱਟ ਕਰਨ ਲਈ ਮਿਲ ਕੇ ਕੰਮ ਕਰਨਗੀਆਂ।’’
Posted inNews
ਚੀਨ ਨੇ ਪਹਿਲਗਾਮ ਹਮਲੇ ਦੀ ‘ਤੁਰੰਤ ਅਤੇ ਨਿਰਪੱਖ ਜਾਂਚ’ ਮੰਗੀ
