ਕੋਲਕਾਤਾ : ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਟੀਮ ਪਹਿਲਗਾਮ ਅਤਿਵਾਦੀ ਹਮਲੇ ਵਿੱਚ ਮਾਰੇ ਗਏ 26 ਸੈਲਾਨੀਆਂ ਵਿਚੋਂ ਇਕ ਬਿਟਨ ਅਧਿਕਾਰੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਲਈ ਅੱਜ ਕੋਲਕਾਤਾ ਪੁੱਜੀ। ਅਧਿਕਾਰੀਆਂ ਨੇ ਦੱਸਿਆ ਕਿ ਐੱਨਆਈਏ ਟੀਮ ਨੇ ਅਧਿਕਾਰੀ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਅਧਿਕਾਰੀ ਦੀ 22 ਅਪਰੈਲ ਨੂੰ 25 ਹੋਰਨਾਂ ਨਾਲ ਪਹਿਲਗਾਮ ਨੇੜੇ ਬੈਸਰਨ ਘਾਟੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਅਤਿਵਾਦ ਵਿਰੋਧੀ ਸਰਗਰਮੀਆਂ ’ਤੇ ਨਜ਼ਰ ਰੱਖਣ ਵਾਲੀ ਏਜੰਸੀ ਦੀ ਟੀਮ ਨੇ ਸ਼ਨਿਚਰਵਾਰ ਨੂੰ ਕੋਲਕਾਤਾ ਦੇ ਬੇਹਾਲਾ ਖੇਤਰ ਵਿੱਚ ਪਹਿਲਗਾਮ ਅਤਿਵਾਦੀ ਹਮਲੇ ਦੇ ਇਕ ਹੋਰ ਪੀੜਤ ਸਮੀਰ ਗੁਹਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਲਈ ਉਸ ਦੇ ਘਰ ਦਾ ਦੌਰਾ ਕੀਤਾ ਸੀ। ਬਿਟਨ ਅਧਿਕਾਰੀ (ਬੈਸ਼ਨਬਘਾਟਾ, ਕੋਲਕਾਤਾ), ਸਮੀਰ ਗੁਹਾ (ਸਾਖਰ ਬਾਜ਼ਾਰ, ਕੋਲਕਾਤਾ) ਅਤੇ ਮਨੀਸ਼ ਰੰਜਨ (ਝਾਲਦਾ, ਪੁਰੂਲੀਆ) ਪੱਛਮੀ ਬੰਗਾਲ ਦੇ ਸਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਐੱਨਆਈਏ ਦੀਆਂ ਵਿਸ਼ੇਸ਼ ਟੀਮਾਂ ਨੇ ਚਸ਼ਮਦੀਦਾਂ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਵਿੱਚ ਇਸ ਘਾਤਕ ਹਮਲੇ ਵਿੱਚ ਬਚੇ ਸੈਲਾਨੀ ਵੀ ਸ਼ਾਮਲ ਹਨ।