ਅੰਮ੍ਰਿਤਸਰ : ਨਵੀਂ ਦਿੱਲੀ ਦੇ ਹਵਾਈ ਅੱਡੇ ’ਤੇ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਅਤੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਰਘਬੀਰ ਸਿੰਘ ਨੂੰ ਅੱਜ ਹਵਾਈ ਕੰਪਨੀ ਏਅਰ ਇੰਡੀਆ ਦੇ ਕਰਮਚਾਰੀਆਂ ਵੱਲੋਂ ਕੀਤੇ ਕਥਿਤ ਦੁਰਵਿਹਾਰ ਦੇ ਰੋਸ ਵਜੋਂ ਨਾ ਸਿਰਫ ਹਵਾਈ ਕੰਪਨੀ ਦੇ ਦਫਤਰ ਦੇ ਬਾਹਰ ਬੈਠਣਾ ਪਿਆ ਹੈ ਸਗੋਂ ਉਨ੍ਹਾਂ ਹਵਾਈ ਉਡਾਣ ਵੀ ਛੱਡ ਦਿੱਤੀ।
ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਉਹ ਅੱਜ ਆਪਣੇ ਪੁੱਤਰ ਅਤੇ ਇੱਕ ਹੋਰ ਸਾਥੀ ਨਾਲ ਨਵੀਂ ਦਿੱਲੀ ਤੋਂ ਸਾਂ ਫਰਾਂਸਿਸਕੋ ਜਾ ਰਹੇ ਸਨ। ਇਸ ਸਬੰਧ ਵਿੱਚ ਉਨ੍ਹਾਂ ਏਅਰ ਇੰਡੀਆ ਦੀਆਂ ਟਿਕਟਾਂ ਲਈਆਂ ਸਨ। ਉਨ੍ਹਾਂ ਅਮਰੀਕਾ ਦੇ ਸੈਕਰਾਮੈਂਟੋ ਸ਼ਹਿਰ ਵਿੱਚ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕਰਨੀ ਸੀ। ਉਡਾਨ ਨੰਬਰ ਏਆਈ 183 ਵਿੱਚ ਉਨ੍ਹਾਂ ਆਪਣੀ ਸੀਟ ਬਿਜ਼ਨਸ ਸ਼੍ਰੇਣੀ ਅਤੇ ਬਾਕੀ ਦੋ ਸੀਟਾਂ ਇਕੋਨਮੀ ਸ਼੍ਰੇਣੀ ਵਿੱਚ ਬੁੱਕ ਕਰਾਈਆਂ ਸਨ। ਉਨ੍ਹਾਂ ਦੱਸਿਆ ਕਿ ਇਕੋਨਮੀ ਸ਼੍ਰੇਣੀ ਦੀਆਂ ਸੀਟਾਂ ਫਟੀਆਂ ਹੋਈਆਂ ਸਨ ਅਤੇ ਬਿਜ਼ਨਸ ਸ਼੍ਰੇਣੀ ਵਿੱਚ ਬੁਰਾ ਹਾਲ ਸੀ। ਇਸ ਦੀ ਸ਼ਿਕਾਇਤ ਉਨ੍ਹਾਂ ਨੇ ਅਮਲੇ ਕੋਲ ਕੀਤੀ ਪਰ ਅਮਲੇ ਨੇ ਮਸਲਾ ਹੱਲ ਕਰਨ ਦੀ ਥਾਂ ਉਨ੍ਹਾਂ ਨਾਲ ਦੁਰਵਿਹਾਰ ਕੀਤਾ। ਇਸ ਦੇ ਸਿੱਟੇ ਵਜੋਂ ਉਨ੍ਹਾਂ ਇਹ ਹਵਾਈ ਉਡਾਨ ਛੱਡਣ ਦਾ ਫੈਸਲਾ ਕੀਤਾ ਅਤੇ ਉਹ ਕਾਫੀ ਦੇਰ ਹਵਾਈ ਕੰਪਨੀ ਦੇ ਦਫਤਰ ਦੇ ਬਾਹਰ ਵੀ ਬੈਠੇ ਰਹੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਸਾਮਾਨ ਵਾਪਸ ਕਰਨ ਵਿੱਚ ਵੀ ਨਾਂਹ-ਨੁੱਕਰ ਕੀਤੀ ਜਾ ਰਹੀ ਹੈ। ਉਹ ਇਸ ਸਬੰਧ ਵਿੱਚ ਹਵਾਈ ਕੰਪਨੀ ਕੋਲ ਸ਼ਿਕਾਇਤ ਕਰਨ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਵਤੀਰੇ ਸਦਕਾ ਔਰਤ ਯਾਤਰੀ ਨੇ ਵੀ ਹਵਾਈ ਉਡਾਨ ਛੱਡ ਦਿੱਤੀ ਹੈ।
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗੜਗੱਜ ਅਤੇ ਧਾਮੀ ਵੱਲੋਂ ਘਟਨਾ ਦੀ ਨਿੰਦਾ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਸਿੱਖ ਕੌਮ ਦੀ ਬਹੁਤ ਹੀ ਸਨਮਾਨਯੋਗ ਸ਼ਖ਼ਸੀਅਤ ਹਨ ਅਤੇ ਦੇਸ਼ ਵਿਦੇਸ਼ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਵਾਈ ਅੱਡੇ ਦੇ ਅਧਿਕਾਰੀ ਸਿੰਘ ਸਾਹਿਬ ਸਣੇ ਹੋਰਨਾਂ ਦੇ ਪਾਸਪੋਰਟ ਲੈ ਗਏ ਤੇ ਪਿਛਲੇ ਕਈ ਘੰਟਿਆਂ ਤੋਂ ਗਿਆਨੀ ਰਘਬੀਰ ਸਿੰਘ ਨੂੰ ਉਥੇ ਬਿਠਾ ਕੇ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਹਵਾਈਬਾਜ਼ੀ ਮੰਤਰੀ ਨੂੰ ਇਸ ਘਟਨਾ ਦਾ ਤੁਰੰਤ ਨੋਟਿਸ ਲੈ ਕੇ ਕਾਰਵਾਈ ਕਰਨੀ ਚਾਹੀਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਮਾਮਲਾ ਸਿਰਫ ਇਕ ਵਿਅਕਤੀ ਨਾਲ ਦੁਰਵਿਹਾਰ ਦਾ ਨਹੀਂ, ਸਗੋਂ ਸਿੱਖ ਧਰਮ ਅਤੇ ਉਸ ਦੀ ਸਤਿਕਾਰਤ ਸ਼ਖਸੀਅਤ ਦਾ ਨਿਰਾਦਰ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸਿੱਖ ਮਿਸ਼ਨ ਦਿੱਲੀ ਦੇ ਇੰਚਾਰਜ ਨੂੰ ਇਹ ਮਾਮਲਾ ਅਥਾਰਟੀ ਕੋਲ ਉਠਾਉਣ ਅਤੇ ਹੋਰ ਲੋੜੀਂਦੇ ਕਦਮ ਚੁੱਕਣ ਦੇ ਆਦੇਸ਼ ਦਿੱਤੇ ਹਨ।