ਅਟਾਰੀ ਸਰਹੱਦ ਰਾਹੀਂ ਵਤਨ ਪਰਤਣ ਲੱਗੇ ਪਾਕਿਸਤਾਨੀ

ਅੰਮ੍ਰਿਤਸਰ: ਪਹਿਲਗਾਮ ਅਤਿਵਾਦੀ ਹਮਲੇ ਮਗਰੋਂ ਕੇਂਦਰ ਸਰਕਾਰ ਵੱਲੋਂ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ਛੱਡਣ ਲਈ ਦਿੱਤੀ 48 ਘੰਟਿਆਂ ਦਾ ਸਮਾਂ-ਸੀਮਾ ਮਗਰੋਂ ਅੱਜ ਇਸ ਗੁਆਂਢੀ ਦੇਸ਼ ਦੇ ਕਈ ਨਾਗਰਿਕ ਅਟਾਰੀ-ਵਾਹਗਾ ਸਰਹੱਦ ਰਾਹੀਂ ਵਤਨ ਪਰਤਣੇ ਸ਼ੁਰੂ ਹੋ ਗਏ। ਭਾਰਤ ਨੇ ਅਟਾਰੀ ਸਰਹੱਦ ਬੰਦ ਕਰ ਦਿੱਤੀ ਹੈ। ਦੋਵਾਂ ਮੁਲਕਾਂ ਦੇ ਨਾਗਰਿਕ ਅਟਾਰੀ-ਵਾਹਗਾ ਸਰਹੱਦ ਰਾਹੀਂ ਆਪੋ-ਆਪਣੇ ਮੁਲਕ ਪਰਤ ਗਏ ਹਨ। ਉਧਰ, ਸਰਹੱਦੀ ਇਲਾਕੇ ਵਿੱਚ ਫੌਜੀ ਤੇ ਨੀਮ ਫੌਜੀ ਬਲਾਂ ਅਤੇ ਪੁਲੀਸ ਦੀ ਸਰਗਰਮੀ ਵੀ ਤੇਜ਼ ਹੋ ਗਈ ਹੈ। ਪਾਕਿਸਤਾਨ ਰਸਤੇ ਅਫਗਾਨਿਸਤਾਨ ਨਾਲ ਚੱਲ ਰਿਹਾ ਇੱਕਪਾਸੜ ਵਪਾਰ ਵੀ ਬੰਦ ਹੋ ਗਿਆ ਹੈ। ਅੱਜ ਪਾਕਿਸਤਾਨ ਰਸਤੇ ਅਫਗਾਨਿਸਤਾਨ ਤੋਂ ਆਏ ਟਰੱਕਾਂ ਨੂੰ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਦੀ ਆਗਿਆ ਨਹੀਂ ਦਿੱਤੀ ਗਈ। ਜਦੋਂਕਿ ਬੀਤੇ ਕੱਲ੍ਹ ਦਰਜਨ ਤੋਂ ਵੱਧ ਅਫਗਾਨਿਸਤਾਨੀ ਟਰੱਕ ਮਾਲ ਲੈ ਕੇ ਭਾਰਤ ਪੁੱਜੇ ਸਨ। ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਵਿਚਾਲੇ ਅਟਾਰੀ ਸੜਕ ਮਾਰਗ ਰਾਹੀਂ ਚੱਲ ਰਿਹਾ ਦੁਵੱਲਾ ਵਪਾਰ ਪਹਿਲਾਂ ਤੋਂ ਹੀ ਬੰਦ ਹੈ। ਇਸ ਵੇਲੇ ਅਟਾਰੀ ਸਰਹੱਦ ਰਸਤੇ ਸਿਰਫ਼ ਅਫਗਾਨਿਸਤਾਨ ਤੋਂ ਹੀ ਸੁੱਕਾ ਮੇਵਾ, ਮਸਾਲੇ ਆਦਿ ਮੰਗਵਾਏ ਜਾ ਰਹੇ ਸਨ।

ਅਟਾਰੀ ਸਰਹੱਦ ’ਤੇ ਸੈਲਾਨੀਆਂ ਦੀ ਗਿਣਤੀ ਘਟੀ

ਅਟਾਰੀ ਸਰਹੱਦ ’ਤੇ ਅੱਜ ਰੀਟ੍ਰੀਟ ਸੈਰੇਮੇਨੀ ਦੇਖਣ ਵਾਲਿਆਂ ਦੀ ਗਿਣਤੀ ਕਾਫ਼ੀ ਘੱਟ ਰਹੀ। ਸਵੇਰ ਕੁੱਝ ਸੈਲਾਨੀ ਅਟਾਰੀ ਸਰਹੱਦ ਦੇਖਣ ਪੁੱਜੇ ਸਨ ਪਰ ਉਨ੍ਹਾਂ ਨੂੰ ਮੋੜ ਦਿੱਤਾ ਗਿਆ। ਅਟਾਰੀ ਸਰਹੱਦ ’ਤੇ ਮਹਾਰਾਸ਼ਟਰ ਤੋਂ ਪੁੱਜੇ ਕੁਝ ਲੋਕਾਂ ਨੇ ਕਿਹਾ ਕਿ ਕਸ਼ਮੀਰ ਘਾਟੀ ਦੇ ਪਹਿਲਗਾਮ ਵਿੱਚ ਵਾਪਰੀ ਅਤਿਵਾਦੀ ਘਟਨਾ ਨਿੰਦਣਯੋਗ ਹੈ ਅਤੇ ਭਾਰਤ ਸਰਕਾਰ ਨੂੰ ਇਸ ਦਾ ਕਰਾਰਾ ਜਵਾਬ ਦੇਣਾ ਚਾਹੀਦਾ ਹੈ। ਇਸ ਦੌਰਾਨ ਅਟਾਰੀ ਸਰਹੱਦ ਨੇੜੇ ਬਣੀਆਂ ਦੁਕਾਨਾਂ ਅਤੇ ਰੈਸਤਰਾਂ ਦੇ ਪ੍ਰਬੰਧਕਾਂ ਨੇ ਪਹਿਲਗਾਮ ਘਟਨਾ ਦੀ ਨਿਖੇਧੀ ਕੀਤੀ ਅਤੇ ਰੀਟ੍ਰੀਟ ਰਸਮ ਜਾਰੀ ਰੱਖਣ ਦੇ ਫ਼ੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਝੰਡਾ ਉਤਾਰਨ ਦੀ ਰਸਮ ਬੰਦ ਹੋਣ ਕਾਰਨ ਸੈਲਾਨੀ ਨਹੀਂ ਆਉਣਗੇ ਅਤੇ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ। ਇਸ ਦੌਰਾਨ ਅੱਜ ਅਟਾਰੀ ਸਰਹੱਦ ਦੇ ਆਲੇ ਦੁਆਲੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੰਜਾਬ ਪੁਲੀਸ, ਨੀਮ ਫੌਜੀ ਬਲ ਤੇ ਹੋਰਨਾਂ ਵੱਲੋਂ ਨਾਕਾਬੰਦੀ ਕੀਤੀ ਗਈ ਹੈ। ਆਉਣ-ਜਾਣ ਵਾਲਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Share: