ਨਵੀਂ ਦਿੱਲੀ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਪਣੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਈਡੀ ਦੀ ਜਾਂਚ ਨੂੰ ਲੈ ਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਿਅੰਗ ਕੱਸਦਿਆਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੂੰ ਆਪਣੇ ਸਲਾਹਕਾਰਾਂ ਤੋਂ ਗਲਤ ਸੁਝਾਅ ਮਿਲ ਰਹੇ ਹਨ ਕਿਉਂਕਿ ਲੋਕਾਂ ਨੂੰ ਪੂਰੀ ਤਰ੍ਹਾਂ ਅਹਿਸਾਸ ਹੈ ਕਿ ਰਾਜਸੀ ਕਾਰਨਾਂ ਤੋਂ ਜਾਂਚ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਪ੍ਰਿਅੰਕਾ ਨੇ ਕਿਹਾ ਕਿ ਉਹ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ‘ਸੱਦੇ’ ਦੀ ਉਡੀਕ ਕਰ ਰਹੀ ਹੈ ਅਤੇ ਹੈਰਾਨੀ ਜਤਾਈ ਕਿ ਉਸ ਨੂੰ ਹਾਲੇ ਤੱਕ ਕਿਉਂ ਨਹੀਂ ਬੁਲਾਇਆ ਗਿਆ। ਵਾਇਨਾਡ ਤੋਂ ਸੰਸਦ ਮੈਂਬਰ ਨੇ ਭਾਜਪਾ ਵੱਲੋੋਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ’ਤੇ ਨੈਸ਼ਨਲ ਹੈਰਾਲਡ ਦੀ ਜਾਇਦਾਦ ਹੜੱਪਣ ਦੀ ਕੋਸ਼ਿਸ਼ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਅਸਾਸੇ ਕੋਈ ਵੀ ਵੇਚ ਨਹੀਂ ਸਕਦਾ ਜਾਂ ਆਪਣੇ ਉੱਤਰਾਧਿਕਾਰੀ ਨੂੰ ਨਹੀਂ ਦੇ ਸਕਦਾ। ਇਹ ਉਨ੍ਹਾਂ ਦੇ ਨਾਮ ’ਤੇ ਵੀ ਨਹੀਂ ਹਨ। ਪ੍ਰਿਅੰਕਾ ਗਾਂਧੀ ਨੇ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਨੇ ਕਿਹਾ, ‘‘ਅਜਿਹੇ ’ਚ ਇਸ ਨੂੰ ਪ੍ਰਾਪਰਟੀ ਹਥਿਆਉਣਾ ਕਿਵੇਂ ਕਿਹਾ ਜਾ ਸਕਦਾ ਹੈ?’’ ਇਸ ਦੌਰਾਨ ਭਾਜਪਾ ਸੰਸਦ ਮੈਂਬਰ ਬਾਂਸੁਰੀ ਸਵਰਾਜ ਵੱਲੋਂ ‘ਇੱਕ ਦੇਸ਼-ਇੱਕ ਚੋਣ’ ਸਬੰਧੀ ਮੀਟਿੰਗ ਵਿੱਚ ‘‘ਨੈਸ਼ਨਲ ਹੈਰਾਲਡ ਦੀ ਲੁੱਟ’’ ਲਿਖਿਆ ਬੈਗ ਲਿਜਾਣ ’ਤੇ ਪ੍ਰਿਅੰਕਾ ਗਾਂਧੀ ਨੇ ਸਵਾਲ ਕੀਤਾ ਕੀ ਭਾਜਪਾ ਮੈਂਬਰ ਉਨ੍ਹਾਂ ਦੇ ਬੈਗ ਵਿੱਚ ‘ਲੁੱਟ’ ਰੱਖ ਰਹੇ ਸਨ? ਪ੍ਰਿਅੰਕਾ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਜਾਂਚ ਏਜੰਸੀ ਨੂੰ ਪੂਰਾ ਸਹਿਯੋਗ ਦੇ ਰਹੇ ਹਨ ਤੇ ਪ੍ਰਧਾਨ ਮੋਦੀ ਦੀ ਰਣਨੀਤੀ ਕੰਮ ਕਰਦੀ ਦਿਖਾਈ ਨਹੀਂ ਦੇ ਰਹੀ।
Posted inNews
ਪ੍ਰਧਾਨ ਮੰਤਰੀ ਦੇ ਸਲਾਹਕਾਰ ਉਨ੍ਹਾਂ ਨੂੰ ਗਲਤ ਸਲਾਹਾਂ ਦੇ ਰਹੇ ਨੇ: ਪ੍ਰਿਅੰਕਾ ਗਾਂਧੀ
