ਨਿਸ਼ਾਨੇਬਾਜ਼ੀ: ਪੇਰੂ ਵਿਸ਼ਵ ਕੱਪ ’ਚ ਭਾਰਤ ਤੀਜੇ ਸਥਾਨ ’ਤੇ ਰਿਹਾ

ਨਿਸ਼ਾਨੇਬਾਜ਼ੀ: ਪੇਰੂ ਵਿਸ਼ਵ ਕੱਪ ’ਚ ਭਾਰਤ ਤੀਜੇ ਸਥਾਨ ’ਤੇ ਰਿਹਾ

ਲੀਮਾ : ਭਾਰਤ ਇੱਥੇ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਤੀਜੇ ਸਥਾਨ ’ਤੇ ਰਿਹਾ। ਟੂਰਨਾਮੈਂਟ ਦੇ ਆਖਰੀ ਦਿਨ ਪ੍ਰਿਥਵੀਰਾਜ ਤੋਂਦੇਈਮਨ ਤੇ ਪ੍ਰਗਤੀ ਦੂਬੇ ਦੀ ਭਾਰਤੀ ਜੋੜੀ ਟਰੈਪ ਮਿਕਸਡ ਟੀਮ ਮੁਕਾਬਲੇ ਦੌਰਾਨ ਤਗ਼ਮੇ ਦੇ ਗੇੜ ’ਚ ਜਗ੍ਹਾ ਬਣਾਉਣ ’ਚ ਅਸਫਲ ਰਹੀ। ਸਿਮਰਨਪ੍ਰੀਤ ਕੌਰ ਬਰਾੜ ਨੇ ਸੋਮਵਾਰ ਨੂੰ ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲੇ ’ਚ ਭਾਰਤ ਨੂੰ ਆਖਰੀ ਤਗ਼ਮਾ ਦਿਵਾਇਆ, ਜਿਸ ਨਾਲ ਦੇਸ਼ ਦੇ ਤਗ਼ਮਿਆਂ ਦੀ ਗਿਣਤੀ 7 ਹੋ ਗਈ। ਇਸ ’ਚ ਸੋਨੇ ਦੇ ਦੋ, ਚਾਂਦੀ ਦੇ ਚਾਰ ਤੇ ਕਾਂਸੀ ਦਾ ਇੱਕ ਤਗ਼ਮਾ ਸ਼ਾਮਲ ਹੈ। ਅਮਰੀਕਾ ਨੇ ਵੀ ਸੱਤ ਤਗ਼ਮੇ ਜਿੱਤੇ ਪਰ ਸੋਨ ਤਗ਼ਮੇ ਵੱਧ ਹੋਣ ਸਦਕਾ ਉਹ ਦੂਜੇ ਸਥਾਨ ’ਤੇ ਰਿਹਾ। ਚੀਨ ਨੇ ਚਾਰ ਸੋਨ, ਤਿੰਨ ਚਾਂਦੀ ਤੇ ਕਾਂਸੀ ਦੇ ਛੇ ਤਗ਼ਮੇ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ। ਭਾਰਤ ਲਈ ਦੋਵੇਂ ਸੋਨ ਤਗ਼ਮੇ ਮਹਿਲਾ ਨਿਸ਼ਾਨੇਬਾਜ਼ ਸੁਰੂਚੀ ਇੰਦਰ ਸਿੰਘ (18) ਨੇ ਜਿੱਤੇ ਹਨ। ਉਸ ਨੇ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਦੌਰਾਨ ਪੈਰਿਸ ਓਲੰਪਿਕ ਵਿੱਚ ਦੋ ਤਗ਼ਮੇ ਜੇਤੂ ਮਨੂੁ ਭਾਕਰ ਨੂੰ ਪਛਾੜ ਕੇ ਸੋਨ ਤਗ਼ਮਾ ਜਿੱਤਿਆ। ਸੁਰੂਚੀ ਨੇ ਸੌਰਭ ਚੌਧਰੀ ਨਾਲ ਮਿਲ ਕੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ’ਚ ਵੀ ਸੋਨ ਤਗ਼ਮਾ ਹਾਸਲ ਕੀਤਾ। ਸੋਮਵਾਰ ਨੂੰ ਪ੍ਰਿਥਵੀਰਾਜ ਅੱਠਵੇਂ ਸਥਾਨ ’ਤੇ ਜਦਕਿ ਲਕਸ਼ੈ ਤੇ ਨੀਰੂ ਦੀ ਜੋੜੀ 13ਵੇਂ ਸਥਾਨ ’ਤੇ ਰਹੀ।

Share: